ਗੁਰਦਾਸਪੁਰ, 16 ਜੁਲਾਈ 2025 (ਮੰਨਨ ਸੈਣੀ)। ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੇ ਅਮਰੀਕਾ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾ ਤਹਿਤ ਪੰਜ ਖਿਲਾਫ ਕੇਸ ਦਰਜ ਕੀਤਾ ਹੈ। ਜਸਬੀਰ ਕੌਰ, ਪਤਨੀ ਕੁਲਵਿੰਦਰ ਸਿੰਘ, ਨਿਵਾਸੀ ਨੈਣੋਕੋਟ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਦੇਸ਼ ਜਾ ਕੇ ਜੀਵੀਕਾ ਕਮਾਉਣਾ ਚਾਹੁੰਦਾ ਸੀ। ਦੋਸ਼ੀਆਂ ਨੇ ਉਸ ਦੇ ਪੁੱਤਰ ਤੇਜਪਾਲ ਸਿੰਘ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 38 ਲੱਖ 24 ਹਜ਼ਾਰ 41 ਰੁਪਏ ਲੈ ਲਏ। ਪੈਸੇ ਲੈਣ ਤੋਂ ਬਾਅਦ ਉਸ ਦੇ ਪੁੱਤਰ ਨੂੰ ਅਮਰੀਕਾ ਭੇਜਣ ਦੀ ਬਜਾਏ ਵੱਖ-ਵੱਖ ਦੇਸ਼ਾਂ ਵਿੱਚ ਘੁਮਾਇਆ ਗਿਆ। ਤੇਜਪਾਲ ਸਿੰਘ ਕਾਫੀ ਸਮਾਂ ਪਰੇਸ਼ਾਨ ਰਹਿਣ ਤੋਂ ਬਾਅਦ ਘਰ ਵਾਪਸ ਪਰਤ ਆਇਆ।
ਪੁਲਿਸ ਨੇ ਦੋਸ਼ੀ ਰਾਹੁਲ ਮਿਨਹਾਸ ਨਿਵਾਸੀ ਬਾਗੜੀਆਂ, ਥਾਣਾ ਭੈਣੀ ਮੀਆਂ ਖਾਂ, ਸ਼ਾਹਬਾਜ਼ ਖਾਨ ਨਿਵਾਸੀ ਜਿਤਵਾਲ ਕਲਾਂ, ਜ਼ਿਲ੍ਹਾ ਮਲੇਰਕੋਟਲਾ, ਹਰਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਨਿਵਾਸੀ ਮਾਖੇਵਾਲ, ਥਾਣਾ ਝੁਨੀਰ ਮਾਨਸਾ ਅਤੇ ਚਮਕੌਰ ਸਿੰਘ ਨਿਵਾਸੀ ਚੀਮਾ, ਜ਼ਿਲ੍ਹਾ ਸੰਗਰੂਰ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।