Close

Recent Posts

ਗੁਰਦਾਸਪੁਰ ਪੰਜਾਬ

ਕਲਾ ਕੇਂਦਰ ਗੁਰਦਾਸਪੁਰ ਵਿਖੇ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈਮੀਨਾਰ ਕਰਵਾਇਆ ਗਿਆ

ਕਲਾ ਕੇਂਦਰ ਗੁਰਦਾਸਪੁਰ ਵਿਖੇ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈਮੀਨਾਰ ਕਰਵਾਇਆ ਗਿਆ
  • PublishedJuly 15, 2025

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਇਆ ਜਾ ਰਿਹਾ ਕੋਚਿੰਗ ਸੈਂਟਰ ਨੌਜਵਾਨਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਵੇਗਾ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 15 ਜੁਲਾਈ 2025 (ਮੰਨਨ ਸੈਣੀ )। ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਐੱਸ.ਡੀ.ਐੱਮ ਦੀਨਾਨਗਰ ਸ੍ਰੀ ਜਸਪਿੰਦਰ ਸਿੰਘ ਆਈ.ਏ.ਐੱਸ ਦੀ ਰਹਿਨੁਮਾਈ ਹੇਠ ਕਲਾ ਕੇਂਦਰ ਗੁਰਦਾਸਪੁਰ ਵਿਖੇ ਇੱਕ ਵਿਸ਼ੇਸ਼ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈਮੀਨਾਰ ਕਰਵਾਇਆ ਗਿਆ। ਇਸ ਕੈਰੀਅਰ ਗਾਈਡੈਂਸ ਸੈਮੀਨਾਰ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ ਐੱਸ. ਨੇ ਕੀਤੀ ਜਦਕਿ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਰਜਿੰਦਰ ਸਿੰਘ ਬੇਦੀ ਆਈ.ਏ.ਐੱਸ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸ੍ਰੀ ਅਭਿਸ਼ੇਕ ਸ਼ਰਮਾ ਡਾਇਰੈਕਟਰ ਅਭਿਸ਼ੇਕ ਐਜੂਕੇਸ਼ਨ ਸਰਵਿਸ ਮੁਹਾਲੀ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਕੈਰੀਅਰ ਗਾਈਡੈਂਸ ਵਿਚ ਸਕੂਲ ਆਫ਼ ਏਮੀਨੈਂਸ ਗੁਰਦਾਸਪੁਰ, ਸਕੂਲ ਆਫ਼ ਏਮੀਨੈਂਸ ਬਟਾਲਾ, ਮੇਰੀਟੋਰੀਅਸ ਸਕੂਲ ਗੁਰਦਾਸਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਲੜਕੀਆਂ ਦੀਨਾਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਲੜਕੀਆਂ ਗੁਰਦਾਸਪੁਰ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।

ਇਸ ਮੌਕੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦਾ ਮਿਹਨਤੀ ਅਤੇ ਦ੍ਰਿੜ੍ਹ ਸੰਕਲਪ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਮਿਹਨਤ ਤੇ ਸਮਰਪਣ ਹੀ ਇੱਕੋ-ਇੱਕ ਰਸਤਾ ਹੈ ਅਤੇ ਸਫ਼ਲਤਾ ਦਾ ਸਿਵਾਏ ਮਿਹਨਤ ਤੋਂ ਹੋਰ ਕੋਈ ਸ਼ਾਰਟ-ਕੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਜ਼ਿਲ੍ਹੇ ਦੇ ਨੌਜਵਾਨ ਵੱਡੇ ਮੁਕਾਮਾਂ ਉੱਪਰ ਪਹੁੰਚਣ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਯੂ.ਪੀ.ਐੱਸ.ਸੀ., ਪੀ.ਸੀ.ਐੱਸ., ਪੀ.ਪੀ.ਐੱਸ. ਵਰਗੇ ਮੁਕਾਬਲੇ ਦੇ ਇਮਤਿਹਾਨਾਂ ਦੀ ਕੋਚਿੰਗ ਦੇਣ ਲਈ ਗੁਰਦਾਸਪੁਰ ਵਿਖੇ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਹੁਣ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਦਿੱਲੀ ਅਤੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵਿਚ ਜਾਣ ਦੀ ਕੋਈ ਲੋੜ ਨਹੀਂ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਸੈਂਟਰ ਵਿਚੋਂ ਮੁਫ਼ਤ ਕੋਚਿੰਗ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕੋਚਿੰਗ ਸੈਂਟਰ ਨੌਜਵਾਨਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਜ਼ਿਲ੍ਹੇ ਵਿੱਚ ਅਜਿਹਾ ਇੱਕ ਹੋਰ ਸੈਂਟਰ ਖੋਲ੍ਹਿਆ ਜਾਵੇਗਾ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਕੇ ਵੱਡੀਆਂ ਨੌਂਕਰੀਆਂ ਹਾਸਲ ਕਰਕੇ ਆਪਣੇ ਮਾਂ-ਬਾਪ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਯੂ.ਪੀ.ਐੱਸ.ਸੀ. ਤੇ ਪੀ.ਸੀ.ਐੱਸ. ਦੀ ਮੁਫ਼ਤ ਤਿਆਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀ ਜੋ ਕਿ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨਾ ਚਾਹੁੰਦੇ ਹਨ ਇਸ ਦਾ ਵੱਧ ਤੋਂ ਵੱਧ ਫ਼ਾਇਦਾ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਤਿਆਰੀ ਨਾਮਵਰ ਸੰਸਥਾ ਵੱਲੋਂ ਆਨ-ਲਾਇਨ ਕਰਵਾਈ ਜਾ ਰਹੀ ਹੈ।

ਇਸ ਮੌਕੇ ਸ੍ਰੀ ਅਭਿਸ਼ੇਕ ਸ਼ਰਮਾ ਡਾਇਰੈਕਟਰ ਅਭਿਸ਼ੇਕ ਐਜੂਕੇਸ਼ਨ ਸਰਵਿਸ ਮੁਹਾਲੀ ਵੱਲੋਂ ਜੋ ਕਿ ਪਿਛਲੇ 12 ਸਾਲ ਤੋਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰਵਾ ਰਹੇ ਹਨ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਤੇ ਤਜਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਇਸ ਪੇਪਰ ਲਈ ਸਖ਼ਤ ਮਿਹਨਤ ਦੇ ਨਾਲ-ਨਾਲ ਗਾਈਡੈਂਸ ਵੀ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ਼ ਦਾ ਪੇਪਰ ਪਾਸ ਕਰਨ ਲਈ ਟਿਪਸ ਦੱਸੇ ਗਏ ਅਤੇ ਟਾਈਮ ਮੈਨੇਜਮੈਂਟ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

ਇਸ ਮੌਕੇ ਸ੍ਰੀ ਪਰਸ਼ੋਤਮ ਸਿੰਘ ਚਿੱਬ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਸ਼ਰਮਾ, ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਸਕੱਤਰ, ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਸ੍ਰੀ ਹਰਮਨਪ੍ਰੀਤ ਸਿੰਘ, ਸ੍ਰੀ ਕੰਵਨਰਜੀਤ ਸਿੰਘ ਰੱਤੜਾ ਐੱਸ.ਡੀ.ਓ, ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ ਆਦਿ ਹਾਜਰ ਸਨ।

Written By
The Punjab Wire