Close

Recent Posts

ਗੁਰਦਾਸਪੁਰ ਪੰਜਾਬ

ਸੁੱਚਾ ਸਿੰਘ ਲੰਗਾਹ ਨੇ ਆਪਣੀ ਦੂਜੀ ਸਿਆਸੀ ਪਾਰੀ ਦੀ ਕੀਤੀ ਧਮਾਕੇਦਾਰ ਸ਼ੁਰੂਆਤ

ਸੁੱਚਾ ਸਿੰਘ ਲੰਗਾਹ ਨੇ ਆਪਣੀ ਦੂਜੀ ਸਿਆਸੀ ਪਾਰੀ ਦੀ ਕੀਤੀ ਧਮਾਕੇਦਾਰ ਸ਼ੁਰੂਆਤ
  • PublishedJuly 15, 2025

ਗੁਰਦਾਸਪੁਰ, 15 ਜੁਲਾਈ 2025 (ਮੰਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਸੁਚਾ ਸਿੰਘ ਲੰਗਾਹ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਪਣੀ ਦੂਜੀ ਪਾਰੀ ਦੇ ਤਹਿਤ ਇੱਕ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਲੰਗਾਹ ਦੀ ਐਂਟਰੀ ਨੇ ਵਿਰੋਧੀਆਂ ਨੂੰ ਨਵੀਂ ਰਣਨੀਤੀ ਬਣਾਉਣ ਤੇ ਮਜਬੂਰ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਲੰਗਾਹ ਨੂੰ ਅਕਾਲੀ ਦਲ ਬਾਦਲ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਇੱਕ ਸਿਆਸੀ ਮਾਸਟਰਸਟ੍ਰੋਕ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਇਕਲੌਤੇ ਅਕਾਲੀ ਆਗੂ ਮੰਨੇ ਜਾਂਦੇ ਹਨ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਕਾਰਕੁੰਨਾਂ ਵਿੱਚ ਜੋਸ਼ ਭਰ ਸਕਦੇ ਹਨ।ਹਾਲਾਕਿ ਇਹ ਅਗਾਮੀ ਸਮੇਂ ਅੰਦਰ ਹੀ ਪਤਾ ਚੱਲੇਗਾ।

ਸੂਤਰਾਂ ਅਨੁਸਾਰ ਲੰਗਾਹ ਦੀ ਦੂਜੀ ਵਾਰ ਪ੍ਰਧਾਨਗੀ ਦਾ ਫੈਸਲਾ ਜ਼ਮੀਨੀ ਪੱਧਰ ਦੇ ਕਾਰਕੁੰਨਾਂ ਦੀਆਂ ਰਿਪੋਰਟਾਂ ਦੇ ਅਧਾਰ ‘ਤੇ ਲਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਲੰਗਾਹ ਸਾਰੇ ਮਹੱਤਵਪੂਰਨ ਫੈਸਲਿਆਂ, ਸਿਆਸੀ ਜਾਂ ਗੈਰ-ਸਿਆਸੀ, ਦਾ ਕੇਂਦਰੀ ਬਿੰਦੂ ਹੋਣਗੇ।

ਆਪਣੀ ਪਹਿਲੀ ਪਾਰੀ ਵਿੱਚ, ਜੋ 1980 ਦੇ ਦਹਾਕੇ ਤੋਂ 2017 ਤੱਕ ਚੱਲੀ, ਲੰਗਾਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਗੁਰਦਾਸਪੁਰ ਇਕਾਈ ਦੇ ਮੁਖੀ ਰਹੇ। ਉਸ ਸਮੇਂ ਕੋਈ ਹੋਰ ਪਾਰਟੀ ਆਗੂ ਉਸ ਦੀ ਜਨ ਅਪੀਲ ਅਤੇ ਕੱਦ ਦੀ ਬਰਾਬਰੀ ਨਹੀਂ ਕਰ ਸਕਦਾ ਸੀ।

ਹਾਲਾਂਕਿ, 2017 ਵਿੱਚ ਉਸ ਦੀ ਸਿਆਸੀ ਅਤੇ ਸਮਾਜਕ ਸਾਖ ਨੂੰ ਇੱਕ ਕਥਿਤ ਅਸ਼ਲੀਲ ਵੀਡੀਓ ਨੇ ਗੰਭੀਰ ਨੁਕਸਾਨ ਪਹੁੰਚਾਇਆ, ਜਿਸ ਕਾਰਨ ਉਸ ਨੂੰ ਜੇਲ੍ਹ ਜਾਣਾ ਪਿਆ ਅਤੇ ਪੰਥ ਤੋਂ ਵੀ ਛੇਕ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ, ਉਹ ਸਿਆਸਤ ਅਤੇ ਸਮਾਜਕ ਗਤੀਵਿਧੀਆਂ ਤੋਂ ਦੂਰ ਰਹੇ। ਅਕਾਲੀ ਲੀਡਰਸ਼ਿਪ ਦਾ ਉਸ ਸਮੇਂ ਮੰਨਣਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵਜੋਂ ਲੰਗਾਹ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।

2018 ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਅਕਾਲੀ ਦਲ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ, ਇਹ ਬੇਸ਼ੱਕ ਇਸ ਲਈ ਵੀ ਰਿਹਾ ਕਿਉਂਕਿ ਅਕਾਲੀ ਭਾਜਪਾ ਦਾ ਆਪਸ ਅੰਦਰ ਸਮਝੌਤਾ ਟੁੱਟ ਗਿਆ ਸੀ। ਜਿਸ ਦੇ ਨਤੀਜੇ ਵਜੋਂ ਸੱਤ ਸੀਟਾਂ ਵਿੱਚੋਂ ਪਾਰਟੀ ਨੇ ਇੱਕ ਵੀ ਸੀਟ ਨਹੀਂ ਜਿੱਤੀ।

ਨਵੰਬਰ 2022 ਵਿੱਚ ਅਕਾਲ ਤਖ਼ਤ ਨੇ ਉਸ ਨੂੰ ਮੁਆਫੀ ਦੇ ਦਿੱਤੀ, ਜਿਸ ਤੋਂ ਬਾਅਦ ਉਸ ਦੀ ਪਾਰਟੀ ਵਿੱਚ ਵਾਪਸੀ ਸਿਰਫ ਸਮੇਂ ਦੀ ਮੰਗ ਸੀ। ਲੰਗਾਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਸਨ ਅਤੇ ਬਾਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ।

ਇਹ ਲਗਭਗ ਪੱਕਾ ਹੈ ਕਿ ਲੰਗਾਹ 2027 ਦੀਆਂ ਵਿਧਾਨ ਸਭਾ ਚੋਣਾਂ ਡੇਰਾ ਬਾਬਾ ਨਾਨਕ ਸੀਟ ਤੋਂ ਲੜਨਗੇ। ਉਨ੍ਹਾਂ ਦੇ ਪੁੱਤਰ, ਸੋਨੂੰ ਲੰਗਾਹ, ਨੂੰ ਇਸ ਸੀਟ ਦਾ ਅਕਾਲੀ ਹਲਕਾ ਇੰਚਾਰਜ ਬਣਾਇਆ ਗਿਆ ਹੈ।

Written By
The Punjab Wire