Close

Recent Posts

ਗੁਰਦਾਸਪੁਰ

ਕਾਮਰੇਡ ਰਾਮ ਸਿੰਘ ਦੱਤ ਹਾਲ, ਗੁਰਦਾਸਪੁਰ ਵਿਖੇ ਹੋਈ ਵਿਸ਼ਾਲ ਇਕੱਤਰਤਾ

ਕਾਮਰੇਡ ਰਾਮ ਸਿੰਘ ਦੱਤ ਹਾਲ, ਗੁਰਦਾਸਪੁਰ ਵਿਖੇ ਹੋਈ ਵਿਸ਼ਾਲ ਇਕੱਤਰਤਾ
  • PublishedJuly 9, 2025

ਪੰਜਾਬ ਅਤੇ ਕੇਂਦਰੀ ਸਰਕਾਰ ਵਿਰੁੱਧ ਕੀਤਾ ਰੋਸ ਮਾਰਚ

ਗੁਰਦਾਸਪੁਰ, 9 ਜੁਲਾਈ 2025 (ਮੰਨਨ ਸੈਣੀ)। ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਉੱਪਰ ਕਾਮਰੇਡ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਖੇ ਵਿਸ਼ਾਲ ਇਕੱਤਰਤਾ ਕਰਨ ਉਪਰੰਤ ਡਾਕਖਾਨਾ ਚੌਂਕ ਗੁਰਦਾਸਪੁਰ ਤੱਕ ਰੋਸ ਮਾਰਚ ਕੀਤਾ ਗਿਆ। ਪ੍ਰੈਸ ਨੂੰ ਜਾਰੀ ਬਿਆਨ ਅੰਦਰ ਦੱਸਿਆ ਗਿਆ ਕਿ ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਇਫਟੂ ਜ਼ਿਲਾ ਪ੍ਰਧਾਨ ਸੁਖਦੇਵ ਰਾਜ ਬਹਿਰਾਮਪੁਰ ਨੇ ਨਿਭਾਈ ਅਤੇ ਪ੍ਰਧਾਨਗੀ ਮੰਡਲ ਵਿੱਚ ਇਫਟੂ ਦੇ ਦਫਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ, ਇਫਟੂ ਪਠਾਨਕੋਟ ਦੇ ਮੁਖਤਿਆਰ ਸਿੰਘ ਨਰੋਟ ਜੈਮਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਚੰਨਣ ਸਿੰਘ ਦੋਰਾਂਗਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਔਰਤ ਵਿੰਗ ਦੇ ਆਗੂ ਕਾਂਤਾ ਬਰਿਆਰ, ਜਮਹੂਰੀ ਅਧਿਕਾਰ ਸਭਾ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸ਼ਤਰੀ, ਵੀਨਾ ਬਹਿਰਾਮਪੁਰ ਸ਼ਾਮਿਲ ਹੋਏ।

ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਵਿਰੋਧੀ ਤੇ ਦੇਸੀ- ਵਿਦੇਸ਼ੀ ਸਰਮਾਏਦਾਰ ਪੱਖੀ ਆਰਥਿਕ ਸਿਆਸੀ ਨੀਤੀਆਂ ਨੇ ਮਜ਼ਦੂਰਾਂ ਅਤੇ ਹੋਰ ਸਭਨਾਂ ਕਿਰਤੀ ਲੋਕਾਂ ਦੀ ਹਾਲਤ ਬੱਦ ਤੋਂ ਬੱਤਰ ਬਣਾ ਦਿੱਤੀ ਹੈ। ਗਰੀਬੀ ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਨਿਗੂਣੇ ਜਿਹੇ ਕਾਨੂੰਨੀ ਕਿਰਤ ਹੱਕ ਵੀ ਮਜ਼ਦੂਰ ਜਮਾਤ ਨੂੰ ਹਾਸਲ ਨਹੀਂ ਹੋ ਰਹੇ ਸਨ, ਉਪਰੋਂ ਸਰਕਾਰਾਂ ਨੇ ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਸਰਮਾਏਦਾਰਾਂ ਨੂੰ ਲੁੱਟ ਦੀ ਹੋਰ ਖੁੱਲ ਦੇ ਦਿੱਤੀ ਹੈ।ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਕੌਮਾਂ, ਆਦਿਵਾਸੀਆਂ, ਸੰਘਰਸ਼ਸ਼ੀਲ ਜਥੇਬੰਦੀਆਂ, ਕਾਰਕੁਨਾਂ ਅਤੇ ਬੁੱਧੀਜੀਵੀਆਂ ਨੂੰ ਕੁਚਲਣ ਲਈ ਜਾਬਰ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਜਬਰ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ।

ਮਜ਼ਦੂਰ ਆਗੂਆਂ ਕਿਹਾ ਕਿ ਅਜਿਹੀ ਹਾਲਤ ਵਿੱਚ ਮਜ਼ਦੂਰ ਜਮਾਤ ਚੁੱਪ ਕਰਕੇ ਨਹੀਂ ਬੈਠ ਸਕਦੀ। ਇਸ ਲਈ ਮਜ਼ਦੂਰ ਜਿੱਥੇ ਦੇਸ਼ ਪੱਧਰ ਉੱਤੇ ਤਨਖਾਹਾਂ ਵਿੱਚ ਵਾਧਾ, ਕਿਰਤ ਕਾਨੂੰਨਾਂ ਵਿੱਚ ਸੋਧਾਂ ਰੱਦ ਕਰਾਉਣ, ਕਿਰਤ ਹੱਕ ਲਾਗੂ ਕਰਨ, ਕੰਮ ਥਾਵਾਂ ਉੱਤੇ ਸੁਰੱਖਿਆ ਦੇ ਪ੍ਰਬੰਧ ਕਰਾਉਣ , ਔਰਤਾਂ ਨੂੰ ਮਰਦਾਂ ਬਰਾਬਰ ਤਨਖਾਹ, ਮਜ਼ਦੂਰਾਂ ਕਿਰਤੀਆਂ ਉੱਤੇ ਲਾਏ ਜਾਂਦੇ ਟੈਕਸ ਰੱਦ ਕਰਨ, ਅਮੀਰੀ ਗਰੀਬੀ ਦਾ ਪਾੜਾ ਘਟਾਉਣ ਜਹੀਆਂ ਉਦਾਰੀਕਰਨ- ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ ਦੀਆਂ ਮੰਗਾਂ ਲਈ ਆਵਾਜ਼ ਉਠਾਉਣਗੇ, ਆਗੂਆਂ ਕਿਹਾ ਕਿ ਲੋਕਾਂ ਨੂੰ ਚੋਣਬਾਜ਼ ਹਾਕਮ ਜਮਾਤੀ ਸਿਆਸੀ ਪਾਰਟੀਆਂ ਅਤੇ ਉਹਨਾਂ ਦੀਆਂ ਸਰਕਾਰਾਂ ਤੋਂ ਕਿਸੇ ਭਲੇ ਦੀ ਆਸ ਨਹੀਂ ਕਰਨੀ ਚਾਹੀਦੀ ਸਗੋਂ ਆਪਣੀ ਇਕਮੁਠ ਤਾਕਤ ਵਿਸ਼ਾਲ ਕਰਨ ਅਤੇ ਸੰਘਰਸ਼ਾਂ ਉੱਤੇ ਟੇਕ ਰੱਖਣੀ ਚਾਹੀਦੀ ਹੈ।

ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਰਾਜ ਕੁਮਾਰ ਪੰਡੋਰੀ, ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਅਸ਼ਵਨੀ ਸ਼ਰਮਾ, ਡੈਮੋਕ੍ਰੇਟਿਕ ਆਸ਼ਾ ਵਰਕਰ ਅਤੇ ਫੈਸਲੀਟੇਟਰਸ ਯੂਨੀਅਨ ਦੇ ਆਗੂ ਗੁਰਵਿੰਦਰ ਕੌਰ ,ਬਲਵਿੰਦਰ ਕੌਰ ਅਲੀਸ਼ੇਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ, ਇਫਟੂ ਦੇ ਜੋਗਿੰਦਰਪਾਲ ਪਨਿਆੜ, ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰੈਸ ਸਕੱਤਰ ਅਮਰ ਕ੍ਰਾਂਤੀ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਅਮਰਜੀਤ ਕੋਠੇ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਹਰਜਿੰਦਰ ਸਿੰਘ ਵਡਾਲਾ ਬਾਂਗਰ, ਉਪਕਾਰ ਸਿੰਘ, ਬਲਵਿੰਦਰ ਕੌਰ ਰਾਵਲਪਿੰਡੀ, ਗੁਰਵਿੰਦਰ ਕੌਰ ਸ਼ਾਹਪੁਰ ਕੋਟਲੀ, ਕੁਲਬੀਰ ਕੌਰ ਭੁੱਲਰ, ਸਿਮਰਨਜੀਤ ਕੌਰ, ਪਰਮਜੀਤ ਕੌਰ ਬਾਠਾਵਾਲਾ, ਮੀਰਾਂ ਕਾਹਨੂੰਵਾਨ, ਪੂਨਮ ਸ਼ਰਮਾ , ਵੀਨਾ ਰਣਜੀਤ ਬਾਗ ਕਮਲ ਕਿਸ਼ੋਰ ਪਠਾਨਕੋਟ ਰੂਪ ਲਾਲ, ਸੰਦੀਪ ਹੱਲਾ, ਸੁਰਿੰਦਰ ਪਾਲ ਰਾਮਨਗਰ ਬਲਵਿੰਦਰ ਸਿੰਘ ਭੂਰਾ, ਹਰਭਜਨ ਲਾਲ ਬਹਿਰਾਮਪੁਰ ਹਾਜ਼ਰ ਸਨ।

Written By
The Punjab Wire