ਅਕਾਲੀ ਦਲ ਨੂੰ ਝੱਟਕਾ, ਚੂਹਡ਼ਚੱਕ ਦਾ ਮੈਂਬਰ ਪੰਚਾਇਤ ਇੱਕ ਦਰਜਨ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ
ਵਿਧਾਇਕਾ ਅਰੁਣਾ ਚੌਧਰੀ ਦੇ ਗ੍ਰਹਿ ਵਿਖੇ ਪਹੁੰਚੇ ਵੱਖ ਵੱਖ ਆਗੂਆਂ ਨੂੰ ਸੀਨੀਅਰ ਨੇਤਾ ਸ਼੍ਰੀ ਅਸ਼ੋਕ ਚੌਧਰੀ ਨੇ ਕੀਤਾ ਕਾਂਗਰਸ ਵਿੱਚ ਸ਼ਾਮਲ
ਦੀਨਾਨਗਰ, 7 ਜੁਲਾਈ 2025 (ਦੀ ਪੰਜਾਬ ਵਾਇਰ)। ਦੀਨਾਨਗਰ ਹਲਕੇ ਦੇ ਪਿੰਡ ਚੂਹਡ਼ਚੱਕ ਤੋਂ ਅਕਾਲੀ ਆਗੂ ਅਤੇ ਮੈਂਬਰ ਪੰਚਾਇਤ ਰਮਨਦੀਪ ਸਿੰਘ ਚੀਮਾ ਨੇ ਅੱਜ ਆਪਣੇ ਇੱਕ ਦਰਜਨ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਦਾ ਪੱਲਾ ਫਡ਼ ਲਿਆ। ਵਿਧਾਇਕਾ ਅਰੁਣਾ ਚੌਧਰੀ ਦੇ ਨਿਵਾਸ ਸਥਾਨ ’ਤੇ ਪਹੁੰਚੇ ਇਨ੍ਹਾਂ ਆਗੂਆਂ ਨੂੰ ਸੀਨੀਅਰ ਨੇਤਾ ਸ਼੍ਰੀ ਅਸ਼ੋਕ ਚੌਧਰੀ ਨੇ ਸਿਰੋਪਾ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ। ਰਮਨਦੀਪ ਸਿੰਘ ਚੀਮਾ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁਡ਼ੇ ਹੋਏ ਸਨ ਪਰ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਹਲਕੇ ਅੰਦਰ ਕਰਵਾਏ ਵਿਕਾਸ ਕਾਰਜਾਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਹੁਣ ਵਿਧਾਇਕਾ ਅਰੁਣਾ ਚੌਧਰੀ ਦੇ ਪੱਕੇ ਸਮਰਥਕ ਵਜੋਂ ਕੰਮ ਕਰਨਗੇ ਅਤੇ ਹਰੇਕ ਡਿਊਟੀ ਨੂੰ ਪੂਰੀ ਮੇਹਨਤ ਤੇ ਤਨਦੇਹੀ ਨਾਲ ਨਿਭਾਉਣਗੇ।
ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕਿਹਾ ਕਿ ਦੀਨਾਨਗਰ ਹਲਕੇ ਦੀ ਸੁੱਖ ਮੰਗਣ ਵਾਲਿਆਂ ਦਾ ਕਾਂਗਰਸ ਪਾਰਟੀ ਵਿੱਚ ਹਮੇਸ਼ਾ ਹੀ ਸਵਾਗਤ ਹੈ ਅਤੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਵਿਧਾਇਕਾ ਅਰੁਣਾ ਚੌਧਰੀ ਜਿੰਨਾ ਕੰਮ ਅਜੇ ਤੱਕ ਇਸ ਹਲਕੇ ਅੰਦਰ ਕੋਈ ਵੀ ਲੀਡਰ ਨਹੀਂ ਕਰਵਾ ਸਕਿਆ ਹੈ। ਉਨ੍ਹਾਂ ਕਿਹਾ ਕਿ 2017 ਤੋਂ 2022 ਤੱਕ ਕੈਬਨਿਟ ਮੰਤਰੀ ਰਹਿੰਦਿਆਂ ਅਰੁਣਾ ਚੌਧਰੀ ਵੱਲੋਂ ਕਈ ਵੱਡੇ ਪ੍ਰੋਜੈਕਟ ਦੀਨਾਨਗਰ ’ਚ ਲਿਆਂਦੇ ਗਏ, ਜਿੰਨਾਂ ਦੇ ਮੁਕੰਮਲ ਹੋਣ ਤੋਂ ਬਾਅਦ ਲੋਕ ਹੁਣ ਉਨ੍ਹਾਂ ਦਾ ਆਨੰਦ ਮਾਣ ਰਹੇ ਹਨ ਅਤੇ ਉਨ੍ਹਾਂ ਦਾ ਜੀਵਨ ਪਹਿਲਾਂ ਨਾਲੋਂ ਵਧੇਰੇ ਸੁਖ਼ਾਲਾ ਹੋਇਆ ਹੈ। ਅਸ਼ੋਕ ਚੌਧਰੀ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਲੋਕ ਮੈਡਮ ਅਰੁਣਾ ਚੌਧਰੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਨਾਲ ਜੁਡ਼ ਰਹੇ ਹਨ, ਜੋ ਬਾਕੀਆਂ ਲਈ ਇੱਕ ਚੰਗਾ ਸੁਨੇਹਾ ਹੈ। ਇਸ ਮੌਕੇ ਜੁਆਇੰਨ ਕਰਨ ਵਾਲਿਆਂ ’ਚ ਗੁਰਮੁੱਖ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਬਲਕਰਨਦੀਪ ਸਿੰਘ, ਮੋਹਨ ਲਾਲ, ਅਮਰਜੋਤ ਸਿੰਘ, ਜਸਬੀਰ ਸਿੰਘ, ਹਰਿੰਦਰ ਸਿੰਘ, ਹਰਮਨਦੀਪ ਸਿੰਘ ਅਤੇ ਗੁਰਲਾਲ ਸਿੰਘ ਦੇ ਨਾਂ ਸ਼ਾਮਲ ਹਨ। ਇਸ ਦੌਰਾਨ ਬਲਾਕ ਸੰਮਤੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਹਰਜਿੰਦਰ ਸਿੰਘ ਗਵਾਲੀਆ ਅਤੇ ਸਰਪੰਚ ਰਾਜਬੀਰ ਸਿੰਘ ਝੰਡੇਚੱਕ ਵੀ ਹਾਜ਼ਰ ਸਨ।