Close

Recent Posts

ਗੁਰਦਾਸਪੁਰ ਪੰਜਾਬ

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਪਰਨੀਤ ਕੌਰ ਤੇ ਡਾ. ਅਮਿਤਾ ਸ਼ਰਮਾ ਸਨਮਾਨਿਤ

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਪਰਨੀਤ ਕੌਰ ਤੇ ਡਾ. ਅਮਿਤਾ ਸ਼ਰਮਾ ਸਨਮਾਨਿਤ
  • PublishedJune 23, 2025

ਡੇਰਾ ਬਾਬਾ ਨਾਨਕ/ਗੁਰਦਾਸਪੁਰ, 23 ਜੂਨ ( ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੈਂਡ ਪੋਰਟ ਅਥਾਰਿਟੀ ਦੇ ਸਹਿਯੋਗ ਨਾਲ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ, ਡੇਰਾ ਬਾਬਾ ਨਾਨਕ ਵਿਖੇ ਕਰਵਾਏ ਗਏ ਯੋਗਾ ਸਮਾਗਮ ਦੌਰਾਨ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਗੁਰਦਾਸਪੁਰ ਡਾ. ਪ੍ਰਦੀਪ ਸਿੰਘ ਦੇ ਪ੍ਰਬੰਧਾਂ ਹੇਠ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਪਰਨੀਤ ਕੌਰ, ਡਾ. ਅਮਿਤਾ ਸ਼ਰਮਾ ਅਤੇ ਸੀ.ਐੱਮ. ਦੀ ਯੋਗਸ਼ਾਲਾ ਦੇ ਯੋਗਾ ਇਸੰਟਕਟਰ ਗੁਰਜੀਤ ਸਿੰਘ ਨੂੰ ਕੈਂਪ ਦੌਰਾਨ ਵਧੀਆ ਢੰਗ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ।

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਆਯੂਰਵੈਦ ਤੇ ਯੂਨਾਨੀ ਵਿਭਾਗ ਵੱਲੋਂ ਡਾ. ਪਰਨੀਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ 287 ਮਰੀਜ਼ਾਂ ਦਾ ਚੈੱਕਅਪ ਕਰ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਲੋਕਾਂ ਵੱਲੋਂ ਇਸ ਆਯੂਰਵੈਦਿਕ ਮੈਡੀਕਲ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾ. ਪਰਨੀਤ ਕੌਰ, ਡਾ. ਅਮਿਤਾ ਸ਼ਰਮਾ ਤੇ ਯੋਗਾ ਮਾਹਿਰ ਗੁਰਜੀਤ ਸਿੰਘ ਨੂੰ ਸਨਮਾਨਿਤ ਕਰਦਿਆਂ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਯੋਗਾ ਕੈਂਪ ਦੌਰਾਨ ਆਪਣੀਆਂ ਸੇਵਾਵਾਂ ਨੂੰ ਬਾਖ਼ੂਬੀ ਨਿਭਾ ਕੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਆਯੂਰਵੈਦਿਕ ਵਿਭਾਗ ਦੇ ਇਹ ਮੈਡੀਕਲ ਅਫ਼ਸਰ ਬਹੁਤ ਕਾਬਲ ਹਨ ਅਤੇ ਅਵਾਮ ਦੀ ਸੇਵਾ ਨੂੰ ਵਧੀਆ ਢੰਗ ਨਾਲ ਨਿਭਾ ਰਹੇ ਹਨ।

ਓਧਰ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਪਰਨੀਤ ਕੌਰ ਨੇ ਇਸ ਸਨਮਾਨ ਲਈ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਅਤੇ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਮਿਹਨਤ ਤੇ ਲਗਨ ਨਾਲ ਕੰਮ ਕਰਨ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਆਯੂਰਵੈਦ ਅਤੇ ਯੋਗਾ ਸਾਡੇ ਦੇਸ਼ ਦੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹਨ ਅਤੇ ਇਹ ਇਲਾਜ ਵਿਧੀਆਂ ਬਹੁਤ ਕਾਰਗਰ ਤੇ ਕਾਮਯਾਬ ਹਨ। ਉਨ੍ਹਾਂ ਕਿਹਾ ਕਿ ਆਯੂਰਵੈਦ ਰੋਗਾਂ ਨੂੰ ਜੜ੍ਹ ਤੋਂ ਖ਼ਤਮ ਕਰਦਾ ਹੈ ਅਤੇ ਇਸ ਇਲਾਜ ਪ੍ਰਣਾਲੀ ਦਾ ਮਨੁੱਖੀ ਸਰੀਰ ਉੱਪਰ ਕੋਈ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ ਹੈ। ਡਾ. ਪਰਨੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਤੰਦਰੁਸਤ ਤੇ ਨਿਰੋਗ ਜੀਵਨ ਲਈ ਆਯੂਰਵੈਦ ਤੇ ਯੋਗਾ ਨਾਲ ਜੁੜਨਾ ਚਾਹੀਦਾ ਹੈ।

ਇਸ ਮੌਕੇ ਆਯੂਰਵੈਦਿਕ ਵਿਭਾਗ ਵੱਲੋਂ ਪੁਨੀਤ ਕੁਮਾਰ, ਸੰਦੀਪ ਸਿੰਘ, ਰਾਜ ਕੁਮਾਰ, ਰੇਨੂ ਬਾਲਾ ਸਮੇਤ ਵਿਭਾਗ ਦਾ ਹੋਰ ਸਟਾਫ਼ ਵੀ ਹਾਜ਼ਰ ਸੀ।

Written By
The Punjab Wire