Close

Recent Posts

ਸਰਕਾਰੀ ਯੋਜਨਾ ਗੁਰਦਾਸਪੁਰ

ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਆਂ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਲਈ 12.79 ਕਰੋੜ ਰੁਪਏ ਜਾਰੀ ਕੀਤੇ

ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਆਂ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਲਈ 12.79 ਕਰੋੜ ਰੁਪਏ ਜਾਰੀ ਕੀਤੇ
  • PublishedJune 19, 2025

ਗੁਰਦਾਸਪੁਰ ਹਲਕੇ ਦੇ ਪਿੰਡਾਂ ਦੀਆਂ 62.42 ਕਿੱਲੋਮੀਟਰ ਲੰਮੀਆਂ ਸੰਪਰਕ ਸੜਕਾਂ ਦੀ ਹੋਵੇਗੀ ਮੁਰੰਮਤ – ਰਮਨ ਬਹਿਲ

ਮੇਰਾ ਸੁਪਨਾ, ਨੰਬਰ ਇੱਕ ਹੋਵੇਗਾ ਗੁਰਦਾਸਪੁਰ ਆਪਣਾ – ਰਮਨ ਬਹਿਲ

ਕੇਂਦਰ ਸਰਕਾਰ ਨੇ ਪੰਜਾਬ ਦੇ ਆਰ.ਡੀ.ਐੱਫ. ਦੀ 7757.40 ਕਰੋੜ ਰੁਪਏ ਦੀ ਰਾਸ਼ੀ ਰੋਕ ਪੰਜਾਬ ਨਾਲ ਧ੍ਰੋਹ ਕਮਾਇਆ – ਬਹਿਲ

ਗੁਰਦਾਸਪੁਰ, 19 ਜੂਨ 2025 (ਦੀ ਪੰਜਾਬ ਵਇਰ)— ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪੇਂਡੂ ਖੇਤਰ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਲਈ 12.79 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਰਾਜ ਸਰਕਾਰ ਵੱਲੋਂ ਹਲਕਾ ਗੁਰਦਾਸਪੁਰ ਦੇ ਪਿੰਡਾਂ ਦੀਆਂ 62.42 ਕਿੱਲੋਮੀਟਰ ਲੰਮੀਆਂ ਸੰਪਰਕ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ।

ਹਲਕਾ ਵਾਸੀਆਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਆਂ 62.42 ਕਿੱਲੋਮੀਟਰ ਲੰਮੀਆਂ ਸੜਕਾਂ ਦੀ ਮੁਰੰਮਤ ਲਈ 12.79 ਕਰੋੜ ਰੁਪਏ ਜਾਰੀ ਕੀਤੇ ਹਨ, ਜਿਸ ਦੇ ਟੈਂਡਰ ਅੱਜ 19 ਜੂਨ ਨੂੰ ਟੈਂਡਰ ਖੋਲ੍ਹ ਦਿੱਤੇ ਗਏ ਹਨ।  ਉਨ੍ਹਾਂ ਕਿਹਾ ਕਿ ਅਗਲੇ 10 ਦਿਨਾਂ ਵਿੱਚ ਇਨ੍ਹਾਂ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਇਹ ਸੰਪਰਕ ਸੜਕਾਂ ਹਲਕੇ ਦੇ ਪਿੰਡ ਹਰਦਾਨ, ਜੀਵਨਵਾਲ, ਮੰਗਲ ਸੈਨ, ਹਯਾਤ ਨਗਰ, ਪੀਰਾਂ ਬਾਗ, ਗਜ਼ਨੀਪੁਰ, ਤੱਤਲੇ, ਝਾਵਰ, ਰੱਤੋਵਾਲ, ਤਲਵੰਡੀ ਵਿਰਕ, ਬੱਬੇਹਾਲੀ, ਔਜਲਾ, ਸਰਾਵਨ, ਭੁੱਲੇਚੱਕ, ਹੇਮਪੁਰ, ਤਿੱਬੜ, ਕਾਲਾ ਨੰਗਲੀ ਹਰੀਜਨ ਬਸਤੀ, ਭੋਪੁਰ ਸੈਦਾਂ, ਲੋਲੇਨੰਗਲ, ਮੀਰਪੁਰ ਅਤੇ ਸੈਨਪੁਰ ਵਿਖੇ ਬਣਨਗੀਆਂ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੜਕਾਂ ਦੀ ਮੁਰੰਮਤ ਵਿੱਚ ਪਾਰਦਰਸ਼ਤਾ ਤੇ ਜੁਆਬਦੇਹੀ ਨੂੰ ਲਿਆਉਣ ਲਈ ਟੈਂਡਰਾਂ ਵਿੱਚ ਇੱਕ ਨਵੀਂ ਮੱਦ ਜੋੜੀ ਹੈ ਜਿਸ ਤਹਿਤ ਜੋ ਠੇਕੇਦਾਰ ਸੜਕ ਬਣਾਵੇਗੀ ਉਹ ਪੰਜ ਸਾਲਾਂ ਲਈ ਸੜਕ ਦੀ ਮੇਨਟੀਨੈਂਸ ਲਈ ਵੀ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਸੜਕ ਟੁੱਟਦੀ ਹੈ ਤਾਂ ਸੜਕ ਦੀ ਮੁਰੰਮਤ ਠੇਕੇਦਾਰ ਆਪਣੇ ਵੱਲੋਂ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਟੈਂਡਰਾਂ ਵਿੱਚ ਰਾਜਨੀਤਿਕ ਦਖ਼ਲ ਹੁੰਦਾ ਸੀ ਪਰ ਮਾਨ ਸਰਕਾਰ ਨੇ ਸਾਰੇ ਢਾਂਚੇ ਨੂੰ ਪਾਰਦਰਸ਼ੀ ਅਤੇ ਜੁਆਬਦੇਹ ਕਰ ਦਿੱਤਾ ਹੈ।

ਸ੍ਰੀ ਬਹਿਲ ਨੇ ਕਿਹਾ ਕਿ ਇਹ ਸੰਪਰਕ ਸੜਕਾਂ ਬਣਨ ਨਾਲ ਹਲਕਾ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ ਵੱਲੋਂ ਲੋਕਾਂ ਦੀ ਇਸ ਜਾਇਜ਼ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ ਜਿਸ ਕਾਰਨ ਜਿੱਥੇ ਆਮ ਰਾਹਗੀਰਾਂ ਨੂੰ ਪਰੇਸ਼ਾਨੀ ਹੋਈ ਓਥੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਮੰਡੀਆਂ ਤੱਕ ਲਿਜਾਣ ਵਿੱਚ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਸੂਬੇ ਦਾ ਸਰਬਪੱਖੀ ਵਿਕਾਸ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਹੀ ਆਪਣੇ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਰਹੇ ਹਨ ਅਤੇ ਗੁਰਦਾਸਪੁਰ ਨੂੰ ਨੰਬਰ ਇੱਕ ਹਲਕਾ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ। ਗੁਰਦਾਸਪੁਰ ਹਲਕੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ ਚੇਅਰਮੈਨ ਰਮਨ ਬਹਿਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ।

ਇਸੇ ਦੌਰਾਨ ਹੀ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨਾਲ ਧੱਕਾ ਅਤੇ ਧੋਖਾ ਕਰਦਿਆਂ ਸੂਬੇ ਦਾ 7757.40 ਕਰੋੜ ਰੁਪਏ ਦਾ ਆਰ.ਡੀ.ਐੱਫ ਬਿਨਾਂ ਵਜਾ ਰੋਕ ਕੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ।  ਉਨ੍ਹਾਂ ਦੱਸਿਆ ਕਿ 7757.40 ਕਰੋੜ ਰੁਪਏ ਦਾ ਆਰ.ਡੀ.ਐੱਫ ਸੂਬੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਕਿਸਾਨਾਂ ਉੱਪਰ ਖ਼ਰਚਿਆ ਜਾਣਾ ਸੀ ਅਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਰੋਕਣਾ ਵੱਡੀ ਬੇਇਨਸਾਫ਼ੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਧੱਕੇਸ਼ਾਹੀ ਨੂੰ ਬੰਦ ਕਰਕੇ ਬਿਨਾਂ ਕਿਸੇ ਦੇਰੀ ਪੰਜਾਬ ਦੇ ਆਰ.ਡੀ.ਐੱਫ. ਦੀ 7757.40 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਜਪਾਈ ਓਵੇਂ ਤਾਂ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਦੱਸਦੇ ਹਨ ਪਰ ਉਹ ਇਸ ਮੁੱਦੇ ‘ਤੇ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹੱਕਾਂ ਦੀ ਲੜਾਈ ਪੂਰੀ ਸ਼ਿੱਦਤ ਨਾਲ ਲੜ ਰਹੀ ਹੈ ਅਤੇ ਪੰਜਾਬ ਆਪਣੇ ਹੱਕ ਲੈ ਕੇ ਹੀ ਰਹੇਗਾ।

Written By
The Punjab Wire