ਸੰਯੁਕਤ ਕਿਸਾਨ ਮੋਰਚੇ ਵੱਲੋਂ ਐਸ ਆਈ ਆਰ ਅਤੇ ਗਿਆਨੇਸ਼ ਕੁਮਾਰ ਵਿਰੁੱਧ ਡੀਸੀ ਦਫ਼ਤਰ ਅੱਗੇ ਧਰਨਾ
ਝੋਨੇ ‘ਤੇ ਲੱਗ ਰਹੇ ਨਾਜਾਇਜ਼ ਕੱਟਾਂ ਵਿਰੁੱਧ ਸਰਕਾਰ ਨੂੰ ਚੇਤਾਵਨੀ
ਗੁਰਦਾਸਪੁਰ, 23 ਅਕਤੂਬਰ 2026 (ਮੰਨਨ ਸੈਣੀ)। ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਅੱਗੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ। ਇਹ ਧਰਨਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਦੇਸ਼ ਵਿੱਚ ਐਸ ਆਈ ਆਰ ਰੱਦ ਕਰਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਤਾ ਗਿਆ।
ਧਰਨੇ ਦੀ ਪ੍ਰਧਾਨਗੀ ਗੁਲਜ਼ਾਰ ਸਿੰਘ ਬਸੰਤਕੋਟ, ਹਰਜੀਤ ਸਿੰਘ ਕਾਹਲੋਂ, ਹਰਵਿੰਦਰ ਸਿੰਘ ਭਾਗੋਕਾਵਾਂ, ਤ੍ਰਿਲੋਕ ਸਿੰਘ ਬਹਿਰਾਮਪੁਰ, ਬਚਨ ਸਿੰਘ ਭੰਬੋਈ, ਮੰਗਤ ਸਿੰਘ ਜੀਵਨ ਚੱਕ, ਬਲਬੀਰ ਸਿੰਘ ਬੈਂਸ ਅਤੇ ਅਨੋਖ ਸਿੰਘ ਘੋੜੇਵਾਹ ਨੇ ਸਾਂਝੇ ਤੌਰ ‘ਤੇ ਕੀਤੀ।
ਇਸ ਮੌਕੇ ਪ੍ਰਧਾਨਗੀ ਮੰਡਲ ਅਤੇ ਹੋਰ ਬੁਲਾਰਿਆਂ ਬਲਬੀਰ ਸਿੰਘ ਪੀਰਾਂਬਾਗ, ਰਘਬੀਰ ਸਿੰਘ ਚਾਹਲ, ਅਸ਼ਵਨੀ ਕੁਮਾਰ ਲਖਣ ਕਲਾਂ, ਬਲਵਿੰਦਰ ਸਿੰਘ ਊਦੀਪੁਰ, ਰਣਜੀਤ ਸਿੰਘ ਧਾਲੀਵਾਲ, ਚੰਨਣ ਸਿੰਘ ਦੁਰਾਂਗਲਾ ਆਦਿ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਗਿਆਨੇਸ਼ ਕੁਮਾਰ ਰਾਹੀਂ ਵੋਟਾਂ ਦੀ ਚੋਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲਗਭਗ 13 ਕਰੋੜ ਤੋਂ ਵੱਧ ਵੋਟਾਂ ਕੱਟ ਕੇ ਹਾਕਮ ਭਾਜਪਾ ਨੂੰ ਲਾਭ ਪਹੁੰਚਾਇਆ ਗਿਆ ਹੈ।
ਮੰਗ ਕੀਤੀ ਗਈ ਕਿ ਗ਼ੈਰ-ਸੰਵਿਧਾਨਕ ਐਸ ਆਈ ਆਰ ਰੱਦ ਕੀਤੀ ਜਾਵੇ, ਕੱਟੀਆਂ ਗਈਆਂ ਵੋਟਾਂ ਬਹਾਲ ਕੀਤੀਆਂ ਜਾਣ ਅਤੇ ਬਿਹਾਰ, ਪੱਛਮੀ ਬੰਗਾਲ, ਹਰਿਆਣਾ ਤੇ ਮਹਾਰਾਸ਼ਟਰ ਵਿੱਚ ਪੁਰਾਣੀ ਸੂਚੀ ਅਨੁਸਾਰ ਦੁਬਾਰਾ ਵੋਟਾਂ ਪੁਆਈਆਂ ਜਾਣ। ਇਹ ਵੀ ਮੰਗ ਕੀਤੀ ਗਈ ਕਿ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਬਣੀ ਤਿੰਨ ਮੈਂਬਰੀ ਕਮੇਟੀ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਵੀ ਸ਼ਾਮਲ ਕੀਤਾ ਜਾਵੇ। ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਅਪਣਾਏ ਜਾ ਰਹੇ ਤਾਨਾਸ਼ਾਹੀ ਰਵੱਈਏ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਝੋਨੇ ਦੀ ਖ਼ਰੀਦ ਬਾਰੇ ਬੋਲਦਿਆਂ ਬੁਲਾਰਿਆਂ ਨੇ ਮਾਨ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਕਿਸਾਨਾਂ ਦੀ ਸ਼ਰੇਆਮ ਲੁੱਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਮੀ ਸਹੀ ਹੋਣ ‘ਤੇ ਵੀ ਐਮਐਸਪੀ ਦਾ ਰੇਟ ਨਹੀਂ ਦਿੱਤਾ ਜਾ ਰਿਹਾ, ਸਗੋਂ 85 ਰੁਪਏ ਪ੍ਰਤੀ ਕੁਇੰਟਲ “ਗੁੰਡਾ ਟੈਕਸ” ਲਗਾਇਆ ਜਾ ਰਿਹਾ ਹੈ, ਜਿਸ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਆਗੂਆਂ ਨੇ ਖ਼ੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਫੇਲ੍ਹ ਮੰਤਰੀ ਕਰਾਰ ਦਿੱਤਾ, ਜੋ ਵਫ਼ਦ ਵੱਲੋਂ ਮਿਲਣ ਅਤੇ ਭਰੋਸਾ ਦਿਵਾਉਣ ਦੇ ਬਾਵਜੂਦ ਕਿਸਾਨਾਂ ਨੂੰ ਮੰਡੀ ਵਿੱਚ ਹੋ ਰਹੀ ਅੰਨ੍ਹੀ ਲੁੱਟ ਤੋਂ ਨਹੀਂ ਬਚਾ ਸਕਿਆ।