ਗੁਰਦਾਸਪੁਰ

ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਮੁਸਤੈਦ, ਦੁੱਧ ਅਤੇ ਮਿਠਾਈ ਦੇ ਸੈਂਪਲ ਭਰੇ

ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਮੁਸਤੈਦ, ਦੁੱਧ ਅਤੇ ਮਿਠਾਈ ਦੇ ਸੈਂਪਲ ਭਰੇ
  • PublishedOctober 17, 2026

ਖ਼ਰਾਬ ਮਿਠਾਈ ਅਤੇ ਐਕਸਪਾਇਰੀ ਐਨਰਜੀ ਡਰਿੰਕ ਨਸ਼ਟ ਕੀਤੇ

ਗੁਰਦਾਸਪੁਰ, 17 ਅਕਤੂਬਰ 2026 (ਮੰਨਨ ਸੈਣੀ)। ਕਮਿਸ਼ਨਰ ਫੂਡ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਗੁਰਦਾਸਪੁਰ ਦੀ ਫੂਡ ਸੇਫਟੀ ਟੀਮ ਨੇ ਬਟਾਲਾ ਦੇ ਅੱਚਲ ਸਾਹਿਬ, ਉਧਨਵਾਲ ਅਤੇ ਰੰਗੜ ਨੰਗਲ ਆਦਿ ਖੇਤਰਾਂ ਵਿੱਚ ਖਾਦ ਪਦਾਰਥਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ 5 ਸੈਂਪਲ ਭਰੇ। ਚੈਕਿੰਗ ਦੀ ਸੂਚਨਾ ਮਿਲਦਿਆਂ ਹੀ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਕੇ ਚਲੇ ਗਏ।

ਅਸਿਸਟੈਂਟ ਕਮਿਸ਼ਨਰ ਫੂਡ ਡਾ. ਜੀ.ਐੱਸ. ਪੰਨੂ ਦੀ ਅਗਵਾਈ ਹੇਠ ਫੂਡ ਸੇਫਟੀ ਅਫ਼ਸਰ ਰੇਖਾ ਸ਼ਰਮਾ ਵੱਲੋਂ ਬਟਾਲਾ ਖੇਤਰ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੀ.ਐੱਸ. ਪੰਨੂ ਨੇ ਦੱਸਿਆ ਕਿ ਅੱਚਲ ਸਾਹਿਬ, ਉਧਨਵਾਲ ਅਤੇ ਰੰਗੜ ਨੰਗਲ ਵਿਖੇ ਚੈਕਿੰਗ ਦੌਰਾਨ ਦੁੱਧ ਅਤੇ ਮਿਠਾਈ ਦੇ 5 ਸੈਂਪਲ ਭਰੇ ਗਏ, ਜੋ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਦੌਰਾਨ ਖ਼ਰਾਬ ਹਾਲਤ ਵਿੱਚ ਮਿਲੀ 10 ਕਿਲੋ ਮਿਠਾਈ ਨਸ਼ਟ ਕਰਵਾਈ ਗਈ। ਇਸ ਤੋਂ ਇਲਾਵਾ ਕੁਝ ਐਨਰਜੀ ਡਰਿੰਕ ਵੀ ਮਿਲੇ, ਜਿਨ੍ਹਾਂ ਦੀ ਮਿਆਦ (ਐਕਸਪਾਇਰੀ) ਲੰਘ ਚੁੱਕੀ ਸੀ। ਇਨ੍ਹਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਿਆਦ ਪੁੱਗ ਚੁੱਕਾ ਸਾਮਾਨ ਨਾ ਵੇਚਿਆ ਜਾਵੇ। ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਸਾਰੇ ਦੁਕਾਨਦਾਰਾਂ ਨੂੰ FSSAI ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਪੂਰੀ ਸਫ਼ਾਈ ਰੱਖਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਫੂਡ ਸੇਫਟੀ ਐਕਟ ਤਹਿਤ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੁਕਾਨ ‘ਤੇ ਪ੍ਰਦਰਸ਼ਿਤ ਕਰਨ ਦੀ ਹਦਾਇਤ ਵੀ ਦਿੱਤੀ ਗਈ।

ਡਾ. ਪੰਨੂ ਨੇ ਕਿਹਾ ਕਿ ਇਹ ਚੈਕਿੰਗ ਅੱਗੇ ਵੀ ਜਾਰੀ ਰਹੇਗੀ ਅਤੇ ਫੂਡ ਸੇਫਟੀ ਐਕਟ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Written By
The Punjab Wire