Close

Recent Posts

ਪਰਵਿੰਦਰ ਝੋਟਾ ਕਤਲ ਕਾਂਡ: ਗੁਰਦਾਸਪੁਰ ਬੰਦ ਦੌਰਾਨ ਬਾਜ਼ਾਰਾਂ ਵਿੱਚ ਪਸਰਿਆ ਸੰਨਾਟਾ; ਕੁਝ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਵਪਾਰ ਮੰਡਲ ਦੇ ਆਗੂਆਂ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ, ਦੀਨਾਨਗਰ ਵਿੱਚ ਪੁਲਿਸ ਦੀ ਸਖ਼ਤੀ

ਪਰਵਿੰਦਰ ਝੋਟਾ ਕਤਲ ਕਾਂਡ: ਗੁਰਦਾਸਪੁਰ ਬੰਦ ਦੌਰਾਨ ਬਾਜ਼ਾਰਾਂ ਵਿੱਚ ਪਸਰਿਆ ਸੰਨਾਟਾ; ਕੁਝ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਵਪਾਰ ਮੰਡਲ ਦੇ ਆਗੂਆਂ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ, ਦੀਨਾਨਗਰ ਵਿੱਚ ਪੁਲਿਸ ਦੀ ਸਖ਼ਤੀ

ਗੁਰਦਾਸਪੁਰ ਪੰਜਾਬ

ਪਰਵਿੰਦਰ ਝੋਟਾ ਕਤਲ ਕਾਂਡ: ਗੁਰਦਾਸਪੁਰ ਬੰਦ ਦੌਰਾਨ ਬਾਜ਼ਾਰਾਂ ਵਿੱਚ ਪਸਰਿਆ ਸੰਨਾਟਾ; ਕੁਝ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਵਪਾਰ ਮੰਡਲ ਦੇ ਆਗੂਆਂ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ, ਦੀਨਾਨਗਰ ਵਿੱਚ ਪੁਲਿਸ ਦੀ ਸਖ਼ਤੀ

ਪਰਵਿੰਦਰ ਝੋਟਾ ਕਤਲ ਕਾਂਡ: ਗੁਰਦਾਸਪੁਰ ਬੰਦ ਦੌਰਾਨ ਬਾਜ਼ਾਰਾਂ ਵਿੱਚ ਪਸਰਿਆ ਸੰਨਾਟਾ; ਕੁਝ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਵਪਾਰ ਮੰਡਲ ਦੇ ਆਗੂਆਂ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ, ਦੀਨਾਨਗਰ ਵਿੱਚ ਪੁਲਿਸ ਦੀ ਸਖ਼ਤੀ
  • PublishedOctober 15, 2026

ਗੁਰਦਾਸਪੁਰ, 15 ਅਕਤੂਬਰ 2026 (ਮੰਨਨ ਸੈਣੀ): ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਗੁਰਦਾਸਪੁਰ ਵਿੱਚ ਰਲਵਾਂ-ਮਿਲਵਾਂ ਪਰ ਤਣਾਅਪੂਰਨ ਅਸਰ ਦੇਖਣ ਨੂੰ ਮਿਲਿਆ। ਇੱਕ ਪਾਸੇ ਜਿੱਥੇ ਵਾਰਿਸ ਪੰਜਾਬ ਜਥੇਬੰਦੀ ਅਤੇ ਹੋਰ ਸੰਸਥਾਵਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਇਨਸਾਫ਼ ਦੀ ਮੰਗ ਕੀਤੀ ਗਈ, ਉੱਥੇ ਹੀ ਦੂਜੇ ਪਾਸੇ ਬੰਦ ਦੇ ਨਾਮ ‘ਤੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਸੰਗਠਨਾਂ ਦੇ ਕਾਰਕੁਨ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਚਾਰ-ਪੰਜ ਦੇ ਛੋਟੇ ਗਰੁੱਪਾਂ ਵਿੱਚ ਸ਼ਹਿਰ ਅੰਦਰ ਵਿਚਰਦੇ ਦੇਖੇ ਗਏ ਅਤੇ ਇਹਨਾਂ ਵੱਲੋਂ ਬੈਂਕ ਵੀ ਬੰਦ ਕਰਵਾਉਣ ਦੀ ਕੌਸ਼ਿਸ਼ ਕੀਤੀ ਗਈ।

ਮਾਹੌਲ ਖਰਾਬ ਹੋਣ ਦੇ ਡਰੋਂ ਬੰਦ ਹੋਏ ਬਾਜ਼ਾਰ; ਪੁਲਿਸ ਪ੍ਰਸ਼ਾਸਨ ਅਤੇ ਵਪਾਰ ਮੰਡਲ ਦੇ ਆਗੂਆਂ ‘ਤੇ ਦੁਕਾਨਦਾਰਾਂ ਨੇ ਕੱਢਿਆ ਗੁੱਸਾ

ਬੰਦ ਕਾਰਨ ਗੁਰਦਾਸਪੁਰ ਸ਼ਹਿਰ ਦੇ ਮੁੱਖ ਬਾਜ਼ਾਰ ਅਤੇ ਵਪਾਰਕ ਅਦਾਰੇ ਬੰਦ ਰਹੇ। ਜ਼ਮੀਨੀ ਹਕੀਕਤ ਇਹ ਰਹੀ ਕਿ ਜ਼ਿਆਦਾਤਰ ਦੁਕਾਨਦਾਰਾਂ ਨੇ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ, ਇਸ ਕਰਕੇ ਇਹਤਿਆਤ ਵਜੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਦੌਰਾਨ ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਜਬਰਨ ਦੁਕਾਨਾਂ ਬੰਦ ਕਰਨ ਲਈ ਮਜਬੂਰ ਕੀਤਾ ਗਿਆ, ਜਿਸ ਕਾਰਨ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਦੁਕਾਨਦਾਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ।

ਇਸ ਸਥਿਤੀ ਨੂੰ ਲੈ ਕੇ ਗੁਰਦਾਸਪੁਰ ਦੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਗਿਆ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਰੋਸ ਜਤਾਇਆ ਕਿ ਸ਼ਹਿਰ ਵਿੱਚ ਅਜਿਹੇ ਹਾਲਾਤ ਕਿਉਂ ਬਣਨ ਦਿੱਤੇ ਗਏ ਅਤੇ ਜਬਰਨ ਦੁਕਾਨਾਂ ਬੰਦ ਕਰਵਾਉਣ ਵਾਲਿਆਂ ਨੂੰ ਸਮੇਂ ਸਿਰ ਕਿਉਂ ਨਹੀਂ ਰੋਕਿਆ ਗਿਆ। ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਵਪਾਰ ਮੰਡਲ ਦੇ ਕਈ ਆਗੂਆਂ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਕਿ ਮੁਸ਼ਕਿਲ ਘੜੀ ਵਿੱਚ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦੇ ਨਾਲ ਖੜ੍ਹਨ ਦੀ ਬਜਾਏ ਇਹ ਆਗੂ ਪੂਰੀ ਤਰ੍ਹਾਂ ਖਾਮੋਸ਼ ਰਹੇ।

ਬੰਦ ਦੇ ਨਾਮ ‘ਤੇ ਆਮ ਰਾਹਗੀਰਾਂ ਨੂੰ ਵੀ ਤੰਗ-ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ਕਾਰਨ ਸੜਕਾਂ ‘ਤੇ ਨਿੱਜੀ ਵਾਹਨਾਂ ਦੀ ਆਵਾਜਾਈ ਆਮ ਦਿਨਾਂ ਨਾਲੋਂ ਕਾਫੀ ਘੱਟ ਰਹੀ। ਹਾਲਾਂਕਿ ਹਸਪਤਾਲ, ਮੈਡੀਕਲ ਸਟੋਰ ਅਤੇ ਹੋਰ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਰਹੀਆਂ।

ਦੀਨਾਨਗਰ ਵਿੱਚ ਡੀ.ਐੱਸ.ਪੀ. ਰਜਿੰਦਰ ਮਿਨਹਾਸ ਨੇ ਲਿਆ ਸਖ਼ਤ ਸਟੈਂਡ

ਸੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਓ ਅਨੁਸਾਰ ਬੰਦ ਦੀ ਆੜ ਵਿੱਚ ਦੀਨਾਨਗਰ ਅੰਦਰ ਜਦੋਂ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਆਮ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਤਲਖੀ ਵੇਖਣ ਨੂੰ ਮਿਲੀ, ਤਾਂ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸਖ਼ਤ ਰੁਖ਼ ਅਖ਼ਤਿਆਰ ਕੀਤਾ। ਖਾਸ ਤੌਰ ‘ਤੇ ਡੀ.ਐੱਸ.ਪੀ. ਰਜਿੰਦਰ ਮਿਨਹਾਸ ਵੱਲੋਂ ਮੌਕੇ ‘ਤੇ ਪਹੁੰਚ ਕੇ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਸਟੈਂਡ ਲਿਆ ਗਿਆ। ਪੁਲਿਸ ਦੀ ਇਸ ਮੁਸਤੈਦੀ ਕਾਰਨ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਪਿੱਛੇ ਹਟਣਾ ਪਿਆ ਅਤੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ। ਗੁਰਦਾਸਪੁਰ ਸ਼ਹਿਰ ਦੇ ਸੰਵੇਦਨਸ਼ੀਲ ਚੌਕਾਂ ਵਿੱਚ ਵੀ ਭਾਰੀ ਪੁਲਿਸ ਬਲ ਤਾਇਨਾਤ ਰਿਹਾ ਅਤੇ ਸੀਨੀਅਰ ਅਧਿਕਾਰੀ ਖੁਦ ਸਥਿਤੀ ‘ਤੇ ਨਜ਼ਰ ਰੱਖਦੇ ਰਹੇ।

ਰੋਸ ਮਾਰਚ ਅਤੇ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ

ਇਸ ਤੋਂ ਪਹਿਲਾਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਡਾਕਖਾਨਾ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਰਵਿੰਦਰ ਝੋਟਾ ਨਸ਼ਿਆਂ ਖਿਲਾਫ਼ ਲੜਾਈ ਲੜ ਰਹੇ ਸਨ ਅਤੇ ਉਨ੍ਹਾਂ ਦਾ ਕਤਲ ਨਸ਼ਾ ਮਾਫੀਆ ਦੀ ਸਾਜ਼ਿਸ਼ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਦੂਜੇ ਪਾਸੇ, ਇਸ ਸੰਵੇਦਨਸ਼ੀਲ ਮੁੱਦੇ ਦੀ ਆੜ ਵਿੱਚ ਕਈ ਸਿਆਸੀ ਲੋਕਾਂ ਵੱਲੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਅਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵੀ ਸਾਫ਼ ਦੇਖਣ ਨੂੰ ਮਿਲੀ, ਜਿਸ ਦੀ ਸਥਾਨਕ ਲੋਕਾਂ ਵਿੱਚ ਕਾਫੀ ਚਰਚਾ ਰਹੀ। ਪ੍ਰਸ਼ਾਸਨ ਵੱਲੋਂ ਸਮੂਹ ਧਿਰਾਂ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਵਿੱਚ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਸਫਲ ਵੀ ਰਿਹਾ ਹੈ।

Written By
The Punjab Wire