Close

Recent Posts

ਗੁਰਦਾਸਪੁਰ

ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਪਿੰਡ ਹੇਮਰਾਜਪੁਰ ਦੇ ਗੁਰੂ ਨਾਨਕ ਨਗਰ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ

ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਪਿੰਡ ਹੇਮਰਾਜਪੁਰ ਦੇ ਗੁਰੂ ਨਾਨਕ ਨਗਰ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ
  • PublishedOctober 14, 2026

ਪਿੰਡਾਂ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ, ਵਿਕਾਸ ਦੀ ਰਫ਼ਤਾਰ ਰੁਕਣ ਨਹੀਂ ਦਿੱਤੀ ਜਾਵੇਗੀ: ਰਮਨ ਬਹਿਲ

ਗੁਰੂ ਨਾਨਕ ਨਗਰ ਵਿਖੇ ਇੰਟਰਲਾਕ ਟਾਈਲਾਂ ਲਗਾਉਣ ਲਈ ਦਿੱਤੇ 5 ਲੱਖ ਰੁਪਏ

ਗੁਰਦਾਸਪੁਰ, 14 ਅਕਤੂਬਰ 2026 (ਮੰਨਨ ਸੈਣੀ) ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਆਪਣੇ ਹਲਕੇ ਅੰਦਰ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਪਿੰਡ ਹੇਮਰਾਜਪੁਰ ਦੇ ਗੁਰੂ ਨਾਨਕ ਨਗਰ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਲਾਡੀ, ਸੰਗਤਪੁਰਾ, ਗੁਰਦੁਆਰਾ ਬਾਥਵਾਲਾ ਦੇ ਹੱਥੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਅੱਜ ਅਕਾਲ ਪੁਰਖ ਦੀ ਬਹੁਤ ਕਿਰਪਾ ਹੈ ਕਿ ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਰੂਹਾਨੀਅਤ ਨਾਲ ਜੁੜੇ ਅਤੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਬਾਬਾ ਸਤਿੰਦਰ ਸਿੰਘ ਲਾਡੀ ਦੇ ਹੱਥੋਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਕਾਰਜ ਦੀ ਸ਼ੁਰੂਆਤ ਗੁਰੂ ਘਰ ਨਾਲ ਜੁੜੀਆਂ ਸੰਗਤਾਂ ਦੇ ਹੱਥੋਂ ਹੁੰਦੀ ਹੈ ਤਾਂ ਅਕਾਲ ਪੁਰਖ ਦੀ ਮਿਹਰ ਸਦਕਾ ਉਹ ਕਾਰਜ ਸਫ਼ਲਤਾ ਨਾਲ ਨੇਪਰੇ ਚੜ੍ਹਦਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਕਿਸੇ ਵੀ ਕੀਮਤ ’ਤੇ ਰੁਕਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਹਲਕੇ ਵਿੱਚ ਜਿਹੜੇ ਵੀ ਵਿਕਾਸ ਕਾਰਜ ਕਰਵਾਏ ਗਏ ਹਨ, ਉਹ ਬਿਨਾਂ ਕਿਸੇ ਭੇਦਭਾਵ ਅਤੇ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਕੀਤੇ ਗਏ ਹਨ। ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਪ੍ਰਾਪਤ ਹੋਣ ਵਾਲੀ ਰਾਸ਼ੀ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਦੀ ਸਹੂਲਤ ਲਈ ਖਰਚਿਆ ਜਾ ਰਿਹਾ ਹੈ। ਅੱਜ ਹਰ ਪਿੰਡ ਅਤੇ ਹਰ ਨਗਰ ਵਿੱਚ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਹੋਏ ਹਨ ਅਤੇ ਕਈ ਕੰਮ ਲਗਾਤਾਰ ਜਾਰੀ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਸਾਫ਼-ਸੁਥਰੀ ਰਾਜਨੀਤੀ ਹੈ ਅਤੇ ਉਹ ਲੋਕਾਂ ਦੀ ਸੇਵਾ ਲਈ ਸਮਰਪਿਤ ਹਨ। ਉਹ ਹਰ ਸਮੇਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਅੰਤ ਵਿੱਚ ਉਨ੍ਹਾਂ ਨੇ ਗੁਰੂ ਨਾਨਕ ਨਗਰ ਅਤੇ ਪਿੰਡ ਹੇਮਰਾਜਪੁਰ ਦੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।

ਇਸ ਮੌਕੇ ਗੁਰੂ ਨਾਨਕ ਨਗਰ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਪਹਿਲਾਂ ਵੀ ਉਨ੍ਹਾਂ ਦੇ ਪਿੰਡ ਨੂੰ ਵਿਕਾਸ ਕਾਰਜਾਂ ਲਈ ਕਾਫ਼ੀ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪਿੰਡਾਂ ਵਿੱਚ ਇੰਨੇ ਵੱਡੇ ਪੱਧਰ ’ਤੇ ਵਿਕਾਸ ਕਾਰਜ ਜ਼ਮੀਨੀ ਪੱਧਰ ’ਤੇ ਹੁੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਗੁਰੂ ਨਾਨਕ ਨਗਰ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਲਈ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਪਿੰਡ ਦੀਆਂ ਗਲੀਆਂ ਪਹਿਲਾਂ ਹੀ ਪੱਕੀਆਂ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਹੁਣ ਪਿੰਡ ਦੇ ਉਨ੍ਹਾਂ ਵਸਨੀਕਾਂ ਦੇ ਘਰਾਂ ਤੱਕ ਜਾਂਦੇ ਰਸਤੇ ਪੱਕੇ ਕੀਤੇ ਜਾਣਗੇ, ਜਿਹੜੇ ਵੱਖ-ਵੱਖ ਡੇਰਿਆਂ ਵਿੱਚ ਰਹਿੰਦੇ ਹਨ। ਉਨ੍ਹਾਂ ਇਸ ਸਹਿਯੋਗ ਲਈ ਹਲਕਾ ਇੰਚਾਰਜ ਰਮਨ ਬਹਿਲ ਅਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।

ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਲਾਡੀ ਸੰਗਤਪੁਰਾ, ਗੁਰਦੁਆਰਾ ਬਾਥਵਾਲਾ, ਚੇਅਰਮੈਨ ਬਲਾਕ ਸੰਮਤੀ ਰਣਜੀਤ ਸਿੰਘ ਰਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਹੇਮਰਾਜਪੁਰ, ਯੂਥ ਵਿੰਗ ਕੋਆਰਡੀਨੇਟਰ ਸੰਦੀਪ ਸਿੰਘ ਸ਼ੇਰਾ, ਸਰਪੰਚ ਸੁਰਜੀਤ ਸਿੰਘ ਗੁਰੂ ਨਾਨਕ ਨਗਰ, ਸਰਪੰਚ ਗੁਰਦੀਵ ਸਿੰਘ ਟਿੰਕੂ ਬੱਬਰੀ, ਸਰਪੰਚ ਸੁਖਵਿੰਦਰ ਸਿੰਘ ਕਲਾਂ ਨੰਗਲ, ਮੈਂਬਰ ਪੰਚਾਇਤ ਗੁਰੂ ਨਾਨਕ ਨਗਰ ਸਤਨਾਮ ਸਿੰਘ, ਸੰਤੋਸ਼ ਸਿੰਘ, ਨਿਸ਼ਾਨ ਸਿੰਘ, ਗੁਰਦਾਸਪੁਰ ਦੇ ਵਾਰਡ ਨੰਬਰ 7 ਤੋਂ ਦਵਿੰਦਰ ਸਿੰਘ, ਸੰਦੀਪ ਸਿੰਘ ਲਾਡੀ ਅਤੇ ਗੁਰੂ ਨਾਨਕ ਨਗਰ ਤੇ ਪਿੰਡ ਹੇਮਰਾਜਪੁਰ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Written By
The Punjab Wire