ਕਾਂਗਰਸੀ ਆਗੂਆਂ ਵੱਲੋਂ ਸਿਆਸੀ ਤੇ ਪੰਜਾਬ ਦੇ ਹਾਲਾਤਾਂ ‘ਤੇ ਵਿਚਾਰ-ਵਟਾਂਦਰਾ
ਗੁਰਦਾਸਪੁਰ, 30 ਮਈ 2025 (ਦੀ ਪੰਜਾਬ ਵਾਇਰ)। ਹਲਕਾ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਨਿਵਾਸ ਸਥਾਨ ‘ਤੇ ਅੱਜ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ ਇਕੱਠੇ ਹੋਏ। ਇਸ ਮੌਕੇ ‘ਤੇ ਪੰਜਾਬ ਕਾਂਗਰਸ ਇੰਚਾਰਜ ਅਤੇ ਛੱਤਿਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਸਿੰਘ ਬਘੇਲ, ਸਚਿਵ ਇੰਚਾਰਜ ਪੰਜਾਬ ਰਵਿੰਦਰ ਦਲਵੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਂਸਦ ਸੁਖਜਿੰਦਰ ਸਿੰਘ ਰੰਧਾਵਾ, ਦੀਨਾਨਗਰ ਤੋਂ ਵਿਧਾਇਕਾ ਅਰੁਣਾ ਚੌਧਰੀ, ਪੰਜਾਬ ਕਾਂਗਰਸ ਦੇ ਜਨਰਲ ਸੈਕਟਰੀ ਕੈਪਟਨ ਸੰਦੀਪ ਸੰਧੂ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਸਮੇਤ ਹੋਰ ਕਈ ਸੀਨੀਅਰ ਆਗੂ ਸ਼ਾਮਲ ਹੋਏ।
ਇਸ ਮੌਕੇ ‘ਤੇ ਪੰਜਾਬ ਦੇ ਵਧ ਰਹੇ ਅਪਰਾਧ, ਗੈਂਗਸਟਰਾਂ ਦੇ ਗਿਰੋਹ, ਗੁੰਡਾਗਰਦੀ, ਚੋਰੀਆਂ ਅਤੇ ਲੁੱਟਪਾਟ ਦੀਆਂ ਵਧਦੀਆਂ ਘਟਨਾਵਾਂ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਗਈ। ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੜ੍ਹੀ ਆਲੋਚਨਾ ਕਰਦੇ ਅਤੇ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ “ਜਦੋਂ ਤੋਂ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਹੈ, ਹਾਲਾਤ ਦਿਨੋਦਿਨ ਖਰਾਬ ਹੋ ਰਹੇ ਹਨ। ਲੋਕ ਹੁਣ ਰਾਤਾਂ ਹੀ ਨਹੀਂ, ਦਿਨਾਂ ਵਿੱਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।”
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਨੂੰਨ-ਵਿਵਸਥਾ ਕੰਟਰੋਲ ਕਰਨ ‘ਚ ਨਾਕਾਮ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਾਰਨ ਲੋਕ ਹੁਣ ਪ੍ਰੇਸ਼ਾਨ ਹੋ ਗਏ ਹਨ ਅਤੇ ਹੁਣ ਨਵੀਂ ਵਿਕਲਪਕ ਸਰਕਾਰ ਦੀ ਲੋੜ ਮਹਿਸੂਸ ਕਰ ਰਹੇ ਹਨ।
ਆਖ਼ਿਰ ਵਿੱਚ, ਕਾਂਗਰਸੀ ਆਗੂਆਂ ਨੇ ਭਵਿੱਖ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਭਰੋਸਾ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਸ਼ਾਂਤੀ ਅਤੇ ਵਿਕਾਸ ਲਈ ਕਾਂਗਰਸ ਨੂੰ ਮਜ਼ਬੂਤ ਬਣਾਇਆ ਜਾਵੇ।