ਜ਼ਿਲ੍ਹੇ ਦੀਆਂ ਮੰਡੀਆਂ ’ਚ 229421 ਮੀਟ੍ਰਿਕ ਟਨ ਝੋਨੇ ਦੀ ਆਮਦ, 203535 ਮੀਟ੍ਰਿਕ ਟਨ ਖਰੀਦੀ- ਡਿਪਟੀ ਕਮਿਸ਼ਨਰ
ਕਿਸਾਨਾਂ ਨੂੰ ਤੈਅ ਸਮੇਂ ’ਚ ਅਦਾਇਗੀਆਂ ਜਾਰੀ, 403 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਟਰਾਂਸਫਰ
ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਮੰਡੀਆਂ ’ਚ ਝੋਨਾ ਸੁਕਾ ਕੇ ਲਿਆਉਣ ਦੀ ਅਪੀਲ
ਗੁਰਦਾਸਪੁਰ, 13 ਅਕਤੂਬਰ 2026 (ਮੰਨਨ ਸੈਣੀ)– ਜ਼ਿਲ੍ਹੇ ਦੀਆਂ ਮੰਡੀਆਂ ਵਿਚ 229421 ਮੀਟ੍ਰਿਕ ਟਨ ਝੋਨੇ ਦੀ ਆਮਦ (12 ਅਕਤੂਬਰ ਤਕ) ਮੰਡੀਆਂ ਵਿਚ ਦਰਜ ਕੀਤੀ ਗਈ ਹੈ, ਜਿਸ ਵਿਚੋਂ 203535 ਮੀਟ੍ਰਿਕ ਟਨ ਏਜੰਸੀਆਂ ਵਲੋਂ ਖਰੀਦੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਫਸਲ ਦੀ ਖਰੀਦ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਦੀ ਫਸਲ ਤੈਅ ਸਮੇਂ ਵਿਚ ਖਰੀਦਣ ਦੇ ਨਾਲ-ਨਾਲ ਅਦਾਇਗੀਆਂ ਵੀ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿਚ 403.14 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿ ਮੰਡੀਆਂ ਵਿਚ 17 ਫੀਸਦੀ ਨਮੀ ਵਾਲਾ ਝੋਨਾ ਹੀ ਲਿਆਉਣ ਨੂੰ ਤਰਜ਼ੀਹ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਵਿਚ ਕਿਸੇ ਦਿੱਕਤ ਜਾਂ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਲਗਭਗ 7,85,520 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ ਜਿਸ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ ਵਲੋਂ ਮੰਡੀਆਂ ਵਿਚ ਪ੍ਰਬੰਧਾਂ ਦੀ ਰੈਗੂਲਰ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ, ਆੜ੍ਹਤੀਆਂ ਅਤੇ ਕਾਮਿਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਦੱਸਿਆ ਕਿ ਮਾਰਕਫੈਡ, ਪਨਗ੍ਰੇਨ, ਪਨਸਪ, ਪੰਜਾਬ ਵੇਅਰਹਾਊਸ ਅਤੇ ਐਫ.ਸੀ.ਆਈ. ਏਜੰਸੀਆਂ ਕਿਸਾਨਾਂ ਦੀ ਫਸਲ ਨੂੰ ਮੰਡੀਆਂ ਖਰੀਦ ਰਹੀਆਂ ਹਨ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਹਾਲਤ ਵਿਚ ਰਾਤ ਸਮੇਂ ਝੋਨੇ ਦੀ ਕਟਾਈ ਨਾ ਕਰਵਾਈ ਜਾਵੇ ਕਿਉਂਕਿ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਝੋਨੇ ਨੂੰ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ ਜੋ ਰਾਤ ਵੇਲੇ ਤਰੇਲ ਪੈਣ ਕਾਰਨ ਗਿੱਲੇ ਹੋਏ ਝੋਨੇ ਨੂੰ ਕੱਟ ਦਿੰਦੀਆਂ ਹਨ ਜਿਸ ਨਾਲ ਝੋਨੇ ਵਿਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡ ਤੋਂ ਵੱਧ ਜਾਂਦੀ ਹੈ। ਅਜਿਹਾ ਝੋਨਾ ਮੰਡੀਆਂ ਵਿਚ ਖਰੀਦਣ ਸਮੇਂ ਖਰੀਦ ਏਜੰਸੀਆਂ ਵਲੋਂ ਅਸਮਰੱਥਾ ਜਤਾਈ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਖੱਜਲ-ਖੁਆਰੀ ਦਾ ਸਾਹਮਦਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਲਈ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਪਾਬੰਦੀ ਲਗਾਈ ਗਈ ਹੈ, ਜਿਸ ਦੀ ਇਨ-ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਲੰਘਣਾ ਦੀ ਸੂਰਤ ਵਿਚ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਕਟਾਈ ਉਪਰੰਤ ਨਾੜ/ਪਰਾਲੀ ਦੀ ਰਹਿੰਦ ਖੂੰਹਦ ਨੂੰ ਕਈ ਥਾਵਾਂ ’ਤੇ ਅੱਗ ਲਾਉਣ ਨਾਲ ਨਾ ਸਿਰਫ਼ ਵਾਤਾਵਰਣ ਦੂਸ਼ਿਤ ਹੁੰਦਾ ਹੈ ਸਗੋਂ ਇਸ ਦਾ ਮਨੁੱਖੀ ਸਿਹਤ ’ਤੇ ਬੁਰਾ ਅਸਰ ਪੈਣ ਦੇ ਨਾਲ-ਨਾਲ ਮਿੱਤਰ ਕੀੜਿਆਂ ਨੂੰ ਵੀ ਵੱਡਾ ਨੁਕਸਾਨ ਹੁੰਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੁਕਸਾਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਹਿਮ ਪੱਖਾਂ ਦੇ ਮੱਦੇਨਜ਼ਰ ਖੇਤਾਂ ਵਿਚ ਪਰਾਲੀ ਜਾਂ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਕਿਸੇ ਵੀ ਹਾਲਤ ਵਿਚ ਅੱਗ ਨਾ ਲਾਈ ਜਾਵੇ।