Punjab

ਨਜਾਇਜ਼ ਕਬਜ਼ੇ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ; ਨਗਰ ਕੌਂਸਲ ਜ਼ੀਰਕਪੁਰ ਨੇ ਵਾਈਨ ਸ਼ਾਪ ਦੇ ਅਸਥਾਈ ਢਾਂਚੇ ਨੂੰ ਢਾਹਿਆ

ਨਜਾਇਜ਼ ਕਬਜ਼ੇ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ; ਨਗਰ ਕੌਂਸਲ ਜ਼ੀਰਕਪੁਰ ਨੇ ਵਾਈਨ ਸ਼ਾਪ ਦੇ ਅਸਥਾਈ ਢਾਂਚੇ ਨੂੰ ਢਾਹਿਆ
  • PublishedMay 29, 2025

ਚੰਡੀਗੜ੍ਹ, 29 ਮਈ 2025 (ਦੀ ਪੰਜਾਬ ਵਾਇਰ)–  ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਦੇ ਨਿਰਦੇਸ਼ਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਨਗਰ ਕੌਂਸਲ, ਜ਼ੀਰਕਪੁਰ ਨੇ ਐਮਸੀ ਜ਼ੀਰਕਪੁਰ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪੀਰ ਮੁਛੱਲਾ ਖੇਤਰ ਵਿੱਚ ਇੱਕ ਗੈਰ-ਕਾਨੂੰਨੀ ਵਾਈਨ ਸ਼ਾਪ ਦੇ ਅਸਥਾਈ ਢਾਂਚੇ ਨੂੰ ਤੁਰੰਤ ਢਾਹ ਦਿੱਤਾ ਹੈ।

ਵੇਰਵਿਆਂ ਦੀ ਪੁਸ਼ਟੀ ਕਰਦਿਆਂ  ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਪੀਰ ਮੁਛੱਲਾ ਵਿੱਚ ਐਮਸੀ ਦੀ ਜ਼ਮੀਨ ‘ਤੇ ਗੈਰ-ਕਾਨੂੰਨੀ ਕਬਜ਼ੇ ਦੀ ਸ਼ਿਕਾਇਤ ਮਿਲਣ ‘ਤੇ  ਡਾ. ਰਵਜੋਤ ਸਿੰਘ ਨੇ ਵਾਈਨ ਸ਼ਾਪ ਦੇ ਢਾਂਚੇ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ।

ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਨੂੰ ਇਸ ਨਾਜਾਇਜ਼ ਉਸਾਰੀ ਵਿਰੁੱਧ ਕੀਤੀ ਗਈ ਕਾਰਵਾਈ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਸ ਤੁਰੰਤ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਵਾਈਨ ਸ਼ਾਪ ਨਗਰ ਨਿਗਮ ਦੇ ਨਾਜਾਇਜ਼ ਕਬਜ਼ੇ ਵਾਲੇ ਖੇਤਰ ਵਿੱਚ ਚੱਲ ਰਹੀ ਸੀ ਅਤੇ ਜਦੋਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਸਵੇਰੇ ਨਗਰ ਨਿਗਮ ਜ਼ੀਰਕਪੁਰ ਦੇ ਦੌਰੇ ‘ਤੇ ਆਏ ਤਾਂ ਇਹ ਮੁੱਦਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ।

ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ  ਕੈਬਨਿਟ ਮੰਤਰੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਇਸਦੀ ਰਿਪੋਰਟ ਮੰਗੀ, ਜਿਸਦੇ ਜਵਾਬ ‘ਚ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਤੁਰੰਤ ਇਸ ਗੈਰ-ਕਾਨੂੰਨੀ ਢਾਂਚੇ ਨੂੰ ਢਾਹ ਦਿੱਤਾ।

ਸਥਾਨਕ ਸਰਕਾਰਾਂ ਮੰਤਰੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਅਜਿਹੀ ਕਾਰਵਾਈ ਤੋਂ ਬਚਣ ਲਈ ਕਿਸੇ ਵੀ ਕਬਜ਼ੇ ਵਾਲੀ ਜ਼ਮੀਨ ‘ਤੇ ਉਸਾਰੀ ਕਰਨ ਤੋਂ ਗੁਰੇਜ਼ ਕਰਨ।

Written By
The Punjab Wire