ਚੇਅਰਮੈਨ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਪਿੰਡ ਤੁਗਲਵਾਲ, ਪੰਡੋਰੀ ਅਤੇ ਕੂੰਟ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਹੋਈਆਂ ਜਾਗਰੂਕਤਾ ਸਭਾਵਾਂ
ਪੰਜਾਬ ਦੀ ਪਵਿੱਤਰ ਧਰਤੀ ਉੱਤੇ ਨਸ਼ੇ ਦੀ ਤਸਕਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਜਗਰੂਪ ਸਿੰਘ ਸੇਖਵਾਂ
ਗੁਰਦਾਸਪੁਰ, 29 ਮਈ 2025 (ਦੀ ਪੰਜਾਬ ਵਾਇਰ )। ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਬੀਤੀ ਸ਼ਾਮ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਤੁਗਲਵਾਲ, ਪੰਡੋਰੀ ਅਤੇ ਕੂੰਟ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਜਾਗਰੂਕਤਾ ਸਭਾਵਾਂ ਕੀਤੀਆਂ ਗਈਆਂ।
ਨਸ਼ਾ ਮੁਕਤੀ ਯਾਤਰਾਵਾਂ ਵਿੱਚ ਸੰਬੋਧਨ ਕਰਦਿਆਂ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਦੀ ਇਸ ਪਵਿੱਤਰ ਧਰਤੀ ਉੱਤੇ ਨਸ਼ੇ ਦੀ ਤਸਕਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਚਾਹੇ ਕਿੰਨੀ ਵੀ ਤਾਕਤ ਰੱਖਦੇ ਹੋਣ, ਕਿਸੇ ਵੀ ਪਾਰਟੀ ਦੇ ਹੋਣ, ਉਨ੍ਹਾਂ ਦਾ ਅੰਤ ਜੇਲ੍ਹਾਂ ਵਿੱਚ ਹੀ ਹੋਵੇਗਾ। ਸ. ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਸਿੱਧਾ ਸੁਨੇਹਾ ਹੈ ਕਿ ਨਸ਼ਾ ਵੇਚਣ ਵਾਲੇ ਜਾਂ ਤਾਂ ਪੰਜਾਬ ਛੱਡ ਜਾਣ ਜਾਂ ਨਸ਼ੇ ਦਾ ਧੰਦਾ ਛੱਡ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਮੁੱਚੀ ਲੀਡਰਸ਼ਿਪ ਇਸ ਗੱਲ ਲਈ ਦ੍ਰਿੜ੍ਹ ਹੈ ਕਿ ਨਸ਼ਾ ਤਸਕਰੀ ਵਾਲੇ ਦੀ ਕੋਈ ਸਿਫ਼ਾਰਸ਼ ਨਹੀਂ ਕਰੇਗਾ।
ਸ. ਸੇਖਵਾਂ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਵਿਅਕਤੀ ਨਸ਼ਾ ਕਰਦੇ ਹਨ ਉਹ ਇਸ ਰੋਗ ਦੇ ਪੀੜਤ ਹਨ, ਉਨ੍ਹਾਂ ਨਾਲ ਵਿਤਕਰਾ ਨਾ ਕਰੋ, ਉਨ੍ਹਾਂ ਨਾਲ ਹਮਦਰਦੀ ਰੱਖਦੇ ਹੋਏ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਲੈ ਕੇ ਜਾਓ, ਜਿੱਥੇ ਉਨ੍ਹਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਉਸ ਦਾ ਸਾਰਾ ਖ਼ਰਚ ਕਰੇਗੀ। ਇਸ ਮੌਕੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਦੀ ਵੰਡ ਵੀ ਕੀਤੀ ਗਈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਡਾਂ ਨਾਲ ਜੁੜ ਕੇ ਨਿਰੋਗ ਤੇ ਤੰਦਰੁਸਤ ਜੀਵਨ ਬਸਰ ਕਰਨ।
ਸ. ਸੇਖਵਾਂ ਨੇ ਸਾਰੇ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਸਹੁੰ ਵੀ ਚੁਕਾਈ ਕਿ ਉਹ ਨਾ ਤਾਂ ਨਸ਼ਾ ਵੇਚਣਗੇ ਅਤੇ ਨਾ ਹੀ ਨਸ਼ਾ ਵੇਚਣ ਵਾਲੇ ਦਾ ਸਾਥ ਦੇਣਗੇ। ਇਸ ਮੌਕੇ ਪਿੰਡਾਂ ਦੇ ਮੋਹਤਬਰਾਂ ਤੋਂ ਇਲਾਵਾ ਆਮ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਅਤੇ ਬੜੇ ਉਤਸ਼ਾਹ ਦੇ ਨਾਲ ਨਸ਼ਾ ਮੁਕਤੀ ਯਾਤਰਾਵਾਂ ਵਿੱਚ ਭਾਗ ਲਿਆ।