ਚੰਡੀਗੜ੍ਹ, 28 ਮਈ 2025 (ਦੀ ਪੰਜਾਬ ਵਾਇਰ)। ਪੰਜਾਬ ਸੂਬੇ ਵਿੱਚ “ਆਪ੍ਰੇਸ਼ਨ ਸ਼ੀਲਡ” ਦੇ ਬੈਨਰ ਹੇਠ ਦੂਜੀ ਸਿਵਲ ਡਿਫੈਂਸ ਮੌਕ ਡਰਿੱਲ 03.06.2025 ਨੂੰ ਸ਼ਾਮ ਸਾਢੇ ਸੱਤ ਵਜੇ ਕੀਤੀ ਜਾਵੇਗੀ। ਪਹਿਲਾਂ ਇਹ ਮੌਕ ਡਰਿੱਲ 29 ਮਈ ਨੂੰ ਹੋਣੀ ਸੀ ਪਰ ਸਬੰਧਤ ਵਿਭਾਗ ਦੇ ਨੋਡਲ ਅਫ਼ਸਰਾਂ ਵੱਲੋਂ ਐਨਡੀਆਰਐਫ ਦੁਆਰਾ ਦਿੱਤੀ ਜਾ ਰਹੀ ਸਿਵਲ ਡਿਫੈਂਸ ਟ੍ਰੇਨਿੰਗ ਵਿੱਚ ਹਿੱਸਾ ਲੈਣ ਦੇ ਮੱਦੇਨਜ਼ਰ ਇਹ ਮੌਕ ਡਰੱਲ ਹੁਣ 3 ਜੂਨ ਨੂੰ ਸ਼ਾਮ ਸਾਢੇ ਸੱਤ ਵਜੇ ਕੀਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਸਿਵਲ ਡਿਫੈਂਸ ਰੂਲਜ਼, 1968 ਦੀ ਧਾਰਾ 19 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਪੱਛਮੀ ਸਰਹੱਦ ਨਾਲ ਲੱਗਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ਵਿੱਚ ਦੂਜਾ ਸਿਵਲ ਡਿਫੈਂਸ ਅਭਿਆਸ “ਆਪ੍ਰੇਸ਼ਨ ਸ਼ੀਲਡ” ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਅਭਿਆਸ (ਮੌਕ ਡਰਿੱਲ) ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਤਹਿਤ ਕੀਤੇ ਜਾ ਰਹੇ ਹਨ। ਪਹਿਲਾ ਸਿਵਲ ਡਿਫੈਂਸ ਅਭਿਆਸ 07.05.2025 ਨੂੰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਖੇਤਰਾਂ/ਥਾਵਾਂ ਵਿੱਚ ਐਮਰਜੈਂਸੀ/ ਮਹੱਤਵਪੂਰਨ ਸੇਵਾਵਾਂ ਨੂੰ ਛੱਡ ਕੇ ਬਲੈਕਆਊਟ ਸਬੰਧੀ ਸਾਰੇ ਅਭਿਆਸ ਕੀਤੇ ਜਾਣਗੇ ਅਤੇ ਹਵਾਈ ਹਮਲੇ ਵਾਲੇ ਸਾਇਰਨ ਵਜਾਏ ਜਾਣਗੇ। ਉਨ੍ਹਾਂ ਨੇ ਸਿਵਲ ਡਿਫੈਂਸ ਅਭਿਆਸ “ਆਪ੍ਰੇਸ਼ਨ ਸ਼ੀਲਡ” ਦੀ ਯੋਜਨਾ ਬਣਾਉਣ ਅਤੇ ਇਸ ਸਬੰਧੀ ਢੁਕਵੇਂ ਕਦਮ ਚੁੱਕਣ ਲਈ ਇਸ ਅਭਿਆਸ ਵਿੱਚ ਸਮੂਹ ਸਥਾਨਕ ਪ੍ਰਸ਼ਾਸਨਾਂ ਅਤੇ ਭਾਈਵਾਲਾਂ ਨੂੰ ਉਚੇਚੇ ਢੰਗ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।