ਮਾਮਲਾ ਦਰਜ ਕਰਨ ਉਪਰਾਂਤ 14 ਦਿਨਾਂ ਲਈ ਕੇਂਦਰੀ ਜੇਲ ਭੇਜਿਆ, ਪਹਿਲ੍ਹਾਂ ਵੀ ਵਿਵਾਦਾਂ ਅੰਦਰ ਘਿਰੇ ਰਹੇ ਹਨ ਸੋਨੀ
ਗੁਰਦਾਸਪੁਰ, 21 ਮਈ 2025 (ਦੀ ਪੰਜਾਬ ਵਾਇਰ)। ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸਾਬਕਾ ਉਪ-ਪ੍ਰਧਾਨ ਹਰਵਿੰਦਰ ਸਿੰਘ ਸੋਨੀ ਖ਼ਿਲਾਫ ਪੁਲਿਸ ਨੇ ਧੱਕਾ ਮੁੱਕੀ, ਡਿਊਟੀ ਵਿਚ ਰੁਕਾਵਟ, ਅਤੇ ਪੁਲਿਸ ਅਧਿਕਾਰੀ ਨਾਲ ਬਦਸਲੂਕੀ ਦੇ ਦੋਸ਼ ਹੇਠ ਗੈਰ-ਜ਼ਮਾਨਤੀ ਧਾਰਾਵਾਂ 132, 221 ਅਤੇ 224 ਭਾਰਤੀ ਨਿਆਂ ਸੰਹਿਤਾ (BNS) ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਕੀਤੀ ਹੈ ਮਾਮਲਾ ਥਾਣਾ ਸਿਟੀ ਗੁਰਦਾਸਪੁਰ ਵਿੱਚ ਦਰਜ ਹੋਇਆ।
ਇੰਸਪੈਕਟਰ ਦਵਿੰਦਰ ਪ੍ਰਕਾਸ਼ ਦੇ ਬਿਆਨ ‘ਤੇ ਆਧਾਰਿਤ ਕਾਰਵਾਈ
ਇਹ ਮਾਮਲਾ ਗੁਰਦਾਸਪੁਰ ਦੇ ਥਾਣਾ ਸਿਟੀ ਮੁੱਖੀ ਇੰਸਪੈਕਟਰ ਦਵਿੰਦਰ ਪ੍ਰਕਾਸ਼ ਦੇ ਬਿਆਨਾਂ ਤੇ ਦਰਜ ਹੋਇਆ ਹੈ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਅੱਜ ਮਿਤੀ 21 ਮਈ 2025 ਨੂੰ ਸਵੇਰੇ 11 ਵਜੇ, ਉਹ ਆਪਣੀ ਸਰਕਾਰੀ ਗੱਡੀ, ਡਰਾਈਵਰ ਏਐਸਆਈ ਬੂਆ ਸਿੰਘ, ਗੰਨਮੈਨ ਕਾਂਸਟੇਬਲ ਮਨਪ੍ਰੀਤ ਸਿੰਘ ਅਤੇ ਦਮਨਪ੍ਰੀਤ ਸਿੰਘ ਦੇ ਨਾਲ, ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਹਰਵਿੰਦਰ ਸੋਨੀ ਦੀ ਰਿਹਾਇਸ਼ ‘ਤੇ ਉਸ ਦੀ ਸੁਰੱਖਿਆ ਦੀ ਜਾਂਚ ਅਤੇ ਗਾਰਦਾ ਚੈੱਕਿੰਗ ਲਈ ਗਏ ਸਨ।
ਉਨ੍ਹਾਂ ਦੇ ਬਿਆਨ ਅਨੁਸਾਰ, ਜਦ ਉਹ ਹਰਵਿੰਦਰ ਸੋਨੀ ਨਾਲ ਗੱਲ ਕਰਨ ਲਈ ਉਸ ਦੇ ਘਰ ਅੰਦਰ ਡਰਾਇੰਗ ਰੂਮ ਵਿੱਚ ਗਏ ਤਾਂ ਉੱਥੇ ASI ਤਰਸੇਮ ਸਿੰਘ (MTO, ਪੁਲਿਸ ਲਾਈਨ) ਪਹਿਲਾਂ ਹੀ ਮੌਜੂਦ ਸੀ। ਦੋਹਾਂ ਵਿਚਕਾਰ ਇੱਕ ਡਰਾਈਵਰ ਨੂੰ ਲੈ ਕੇ ਬਹਿਸ ਹੋਈ ਜੋ ਤਕਰਾਰ ਵਿੱਚ ਬਦਲ ਗਈ।
ਇਸ ਦੌਰਾਨ, ਹਰਵਿੰਦਰ ਸੋਨੀ ਨੇ ਉਨ੍ਹਾਂ ਦੇ ਏਐਸਆਈ ਦੇ ਗੱਲ ਪੈ ਗਿਆ ਅਤੇ ਅਤੇ ਹੱਥਾਪਾਈ ਕਰਨ ਲੱਗ ਪਿਆ। ਜਦ ਉਹ ਦਖ਼ਲ ਦੇਣ ਲਈ ਅੱਗੇ ਵਧੇ, ਤਾਂ ਸੋਨੀ ਨੇ ਉਨ੍ਹਾਂ ਦੀ ਵਰਦੀ ਦੇ ਕਾਲਰ ਫੜੇ, ਧੱਕਾ ਦਿੱਤਾ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਦਿਆਂ ਕਿਹਾ ਕਿ “ਤੈਨੂੰ ਛੱਡਣਾ ਨਹੀਂ” ਅਤੇ ਧਮਕਿਆਂ ਦੇਣ ਲੱਗ ਪਿਆ। ਜਿਸਦੇ ਚਲਦੇ ਸਰਕਾਰੀ ਡਿਓਟੀ ਵਿੱਚ ਰੁਕਾਵਟ ਵੀ ਪਾਈ ਗਈ।
ਪੁਲਿਸ ਵੱਲੋਂ ਸੋਨੀ ਨੂੰ ਗਿਰਫ਼ਤਾਰ ਕਰ ਥਾਣਾ ਸਿਟੀ ਗੁਰਦਾਸਪੁਰ ਲਿਆਂਦਾ ਗਿਆ ਅਤੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਉਪਰਾਂਤ ਇਸ ਮਾਮਲੇ ਵਿਚ ਹਰਵਿੰਦਰ ਸੋਨੀ ਉੱਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ।ਅਦਾਲਤ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ
ਗ੍ਰਿਫ਼ਤਾਰੀ ਤੋਂ ਬਾਅਦ ਸੋਨੀ ਨੂੰ ਮਾਨਯੋਗ ਨਿਆਇਕ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਉਸਨੂੰ 14 ਦਿਨਾਂ ਲਈ ਕੇਂਦਰੀ ਜੇਲ੍ਹ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ।
ਸਮਰਥਕ ਥਾਣੇ ਦੇ ਬਾਹਰ ਪੁੱਜੇ, ਨਾਅਰੇਬਾਜ਼ੀ
ਦੱਸਣਯੋਗ ਹੈ ਕਿ ਹਰਵਿੰਦਰ ਸੋਨੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਣ ‘ਤੇ ਉਸ ਦੇ ਕੁਝ ਸਮਰਥਕ ਥਾਣਾ ਸਿਟੀ ਦੇ ਬਾਹਰ ਇਕੱਠੇ ਹੋ ਗਏ ਅਤੇ ਪੁਲਿਸ ਵਿਰੋਧੀ ਨਾਅਰੇਬਾਜ਼ੀ ਵੀ ਹੋਈ। ਹਾਲਾਤ ਨੂੰ ਦੇਖਦਿਆਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ।
ਇਹ ਕੋਈ ਪਹਿਲੀ ਵਾਰੀ ਨਹੀਂ
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰਵਿੰਦਰ ਸੋਨੀ ਪਹਿਲਾਂ ਵੀ ਆਪਣੇ ਸਰਕਾਰੀ ਸੁਰੱਖਿਆ ਕਰਮਚਾਰੀਆਂ ਨਾਲ ਦੁਰਵਿਹਾਰ ਅਤੇ ਨਿੱਜੀ ਕੰਮਾਂ ਲਈ ਉਨ੍ਹਾਂ ਦੀ ਵਰਤੋਂ ਕਰਨ ਕਰਕੇ ਚਰਚਾ ‘ਚ ਰਹਿ ਚੁੱਕੇ ਹੈ। ਉਨ੍ਹਾਂ ਉਤੇ ਇਹ ਵੀ ਦੋਸ਼ ਲੱਗਦੇ ਰਹੇ ਹਨ ਕਿ ਉਹ ਉਹਨਾਂ ਨੂੰ ਪੀਣ ਵਾਸਤੇ ਪਾਣੀ ਜਾਂ ਬੈਠਣ ਲਈ ਕੁਰਸੀ ਵੀ ਉਪਲੱਬਧ ਨਹੀਂ ਕਰਦਾ ਸੀ। ਇਨ੍ਹਾਂ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨੂੰ ਲਿਖਤ ਰੂਪ ਵਿੱਚ ਸੂਚਿਤ ਕੀਤਾ ਸੀ।
ਸੋਸ਼ਲ ਮੀਡੀਆ ਰਾਹੀਂ ਵੀ ਪੁਲਿਸ ‘ਤੇ ਸਵਾਲ
ਸੋਨੀ ਨੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਸੁਰੱਖਿਆ ਮੁਲਾਜ਼ਮਾਂ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਕਈ ਵਾਰ ਆਲੋਚਨਾਤਮਕ ਪੋਸਟਾਂ ਵੀ ਸ਼ੇਅਰ ਕੀਤੀਆਂ ਸਨ। ਇਨ੍ਹਾਂ ਕਾਰਨਾਂ ਕਰਕੇ ਉਹ ਲੰਬੇ ਸਮੇਂ ਤੋਂ ਵਿਵਾਦਾਂ ‘ਚ ਘਿਰਿਆ ਹੋਇਆ ਸੀ।
ਸਿੱਖ ਕਟਰਪੰਥੀਆਂ ਦੀ ਹਿਟ ਲਿਸਟ ‘ਚ ਵੀ ਰਿਹਾ ਹੈ ਸੋਨੀ
ਹਰਵਿੰਦਰ ਸੋਨੀ ਸਿੱਖ ਤਨਾਊਵਾਦੀਆਂ ਵੱਲੋਂ ਲੰਬੇ ਸਮੇਂ ਤੋਂ ਨਿਸ਼ਾਨੇ ‘ਤੇ ਰਿਹਾ ਹੈ। 13 ਅਪ੍ਰੈਲ 2015 ਨੂੰ ਕਸ਼ਮੀਰ ਸਿੰਘ ਨਾਂ ਦੇ ਇੱਕ ਨੌਜਵਾਨ ਨੇ ਉਸ ‘ਤੇ ਗੋਲੀਆਂ ਚਲਾਈਆਂ ਸਨ, ਜਿਹਨਾਂ ਤੋਂ ਬਾਅਦ ਉਹਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਸ ਮਾਮਲੇ ਤੋਂ ਬਾਅਦ, ਪੰਜਾਬ ਸਰਕਾਰ ਵੱਲੋਂ ਉਸਨੂੰ ਉੱਚ ਪੱਧਰੀ ਸੁਰੱਖਿਆ ਦਿੱਤੀ ਗਈ ਸੀ।