ਪੀਸੀਜੇਯੂ ਦੀ ਗੁਰਦਾਸਪੁਰ ਇਕਾਈ ਨੇ ਡੀਸੀ ਦਫ਼ਤਰ ਸੌਂਪਿਆ ਮੰਗ ਪੱਤਰ
ਗੁਰਦਾਸਪੁਰ, 2 ਅਕਤੂਬਰ 2026 (ਦੀ ਪੰਜਾਬ ਵਾਇਰ)– ਇੰਡੀਅਨ ਜਰਨਲਿਸਟ ਯੂਨੀਅਨ ਵੱਲੇ ਗਾਂਧੀ ਜਯੰਤੀ ਨੂੰ ਡਿਮਾਂਡ ਡੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ । ਇਸੇ ਤਹਿਤ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੱਦੇ ‘ਤੇ ਇਸ ਦਿਨ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇਕਾਈਆਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇ ਗਏ । ਯੂਨੀਅਨ ਦੀ ਗੁਰਦਾਸਪੁਰ ਇਕਾਈ ਵੱਲੋਂ ਰਾਸ਼ਟਰਪਤੀ ਨੂੰ ਭੇਜੇ ਮੰਗ-ਪੱਤਰ ਵਿੱਚ ਕੇਂਦਰ ਸਰਕਾਰ ਤੋਂ ਦੇਸ਼ ਵਿੱਚ ਨਵਾਂ ਅਤੇ ਵਿਆਪਕ ਮੀਡੀਆ ਕਮਿਸ਼ਨ ਕਾਇਮ ਕਰਨ ਦੀ ਮੰਗ ਕੀਤੀ ਗਈ ਹੈ। ਮੰਗ-ਪੱਤਰ ਵਿੱਚ ਕਿਹਾ ਗਿਆ ਹੈ ਕਿ 1978 ਵਿੱਚ ਦੂਜਾ ਪ੍ਰੈੱਸ ਕਮਿਸ਼ਨ ਬਣਾਇਆ ਗਿਆ ਸੀ ਅਤੇ ਇਸ ਨੇ 1982 ਵਿੱਚ ਆਪਣੀ ਰਿਪੋਰਟ ਦਿੱਤੀ ਸੀ। ਪਿਛਲੇ ਚਾਰ ਦਹਾਕਿਆਂ ਦੌਰਾਨ ਮੀਡੀਆ ਖੇਤਰ ਵਿੱਚ ਵੱਡੇ ਬਦਲਾਅ ਆਏ ਹਨ, ਜਿਸ ਦੇ ਮੱਦੇਨਜ਼ਰ ਨਵੇਂ ਮੀਡੀਆ ਕਮਿਸ਼ਨ ਦੀ ਲੋੜ ਹੈ । ਇਸ ਤੋਂ ਇਲਾਵਾ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੀ ਸੁਰੱਖਿਆ ਲਈ ਵਿਸ਼ੇਸ਼ ਕੇਂਦਰੀ ਕਾਨੂੰਨ ਬਣਾਉਣ ਅਤੇ ਕੰਮਕਾਜੀ ਪੱਤਰਕਾਰਾਂ ਨੂੰ ਮਿਲਦੀਆਂ ਵਿਸ਼ੇਸ਼ ਕਾਨੂੰਨੀ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਯੂਨੀਅਨ ਨੇ 1955 ਅਤੇ 1958 ਦੇ ਕਾਨੂੰਨਾਂ ਤਹਿਤ ਮਿਲਦੀਆਂ ਸੁਰੱਖਿਆ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ ਹੈ । ਆਈਜੇਯੂ ਨੇ ਪ੍ਰਿੰਟ, ਪ੍ਰਸਾਰਨ ਅਤੇ ਡਿਜੀਟਲ ਮੀਡੀਆ ਦੇ ਮੁਲਾਜ਼ਮਾਂ ਲਈ ਨਵਾਂ ਵੇਜ ਬੋਰਡ ਗਠਿਤ ਕਰਨ ਦੀ ਮੰਗ ਵੀ ਕੀਤੀ ਹੈ ।
ਮੁੱਖ ਮੰਤਰੀ ਪੰਜਾਬ ਦੇ ਨਾਮ ਦਿੱਤੇ ਗਏ ਵੱਖਰੇ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਡੈਸਕ ਸਟਾਫ਼ ਲਈ ਪੈਨਸ਼ਨ ਦਿੱਤੀ ਜਾਵੇ, ਮੁਫ਼ਤ ਬੱਸ ਸਫ਼ਰ ਦੀ ਸਹੂਲਤ ਅਤੇ ਕਰੋਨਾ ਸਮੇਂ ਬੰਦ ਕੀਤੇ ਰੇਲਵੇ ਸਫ਼ਰ ਦੀ ਸਹੂਲਤ ਬਹਾਲ ਕੀਤੀ ਜਾਵੇ । ਇਸ ਦੇ ਨਾਲ ਵਿਸ਼ੇਸ਼ ਪੱਤਰਕਾਰ ਭਲਾਈ ਫ਼ੰਡ ਕਾਇਮ ਕੀਤਾ ਜਾਵੇ ਅਤੇ ਪੱਤਰਕਾਰਾਂ ਲਈ ਮੌਜੂਦਾ ਸਰਕਾਰੀ ਰਿਹਾਇਸ਼ ਕੋਟਾ ਵਧਾਇਆ ਜਾਵੇ । ਸਿਹਤ ਬੀਮਾ ਯੋਜਨਾ ਤਹਿਤ ਸਮੇਂ ਸਿਰ ਇਲਾਜ ਅਤੇ ਪੱਤਰਕਾਰਾਂ ਖ਼ਿਲਾਫ਼ ਸ਼ਿਕਾਇਤਾਂ ਅਤੇ ਮਾਮਲਿਆਂ ਲਈ ਸਪਸ਼ਟ ਨੀਤੀ ਬਣਾਈ ਜਾਵੇ । ਇਸ ਦੇ ਨਾਲ ਹੀ ਸਰਕਾਰੀ ਇਸ਼ਤਿਹਾਰ ਨੀਤੀ ਪਾਰਦਰਸ਼ੀ ਕੀਤੀ ਜਾਵੇ । ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕੇ ਪੀ ਸਿੰਘ, ਜਨਰਲ ਸਕੱਤਰ ਸੰਜੀਵ ਸਰਪਾਲ, ਲਖਵਿੰਦਰ ਸਿੰਘ ਚੱਕਰਾਜਾ, ਸੁਨੀਲ ਕੁਮਾਰ, ਦੀਪਕ ਕਾਲੀਆ, ਪੰਕਜ ਸ਼ਰਮਾ, ਹਰਦੀਪ ਸਿੰਘ ਠਾਕੁਰ, ਕੁਲਵਿੰਦਰ ਸਿੰਘ, ਰਵੀ ਕੁਮਾਰ ਆਦਿ ਮੌਜੂਦ ਸਨ ।