ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਨਾਨਗਰ ਵਿਖੇ ਸ਼ਾਨਦਾਰ ਡਰੋਨ ਸ਼ੋਅ
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ-ਸਮਸ਼ੇਰ ਸਿੰਘ
500 ਡਰੋਨਾਂ ਨੇ ਦੀਨਾਨਗਰ ਦੇ ਆਸਮਾਨ ਨੂੰ ਕੀਤਾ ਰੌਸ਼ਨ, ਗੁਰੂ ਜੀ ਦੇ ਜੀਵਨ ਤੇ ਫ਼ਲਸਫੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਪੇਸ਼
ਦੀਨਾਨਗਰ, 29 ਸਤੰਬਰ 2026 (ਮੰਨਨ ਸੈਣੀ)– ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਤਹਿਤ ਦੀਨਾਨਗਰ ਵਿਖੇ ਕਰਵਾਏ ਗਏ ਸ਼ਾਨਦਾਰ ਡਰੋਨ ਸ਼ੋਅ ਨੇ ਆਸਮਾਨ ਨੂੰ ਜਗਮਗਾਉਂਦਿਆਂ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ । ਸਥਾਨਕ ਹੈਲੀਪੇਡ ਗਰਾਊਂਡ ਸਾਹਮਣੇ ਬਰਿਸ਼ਤਾ ਰੈਸਟੋਰੈਂਟ, ਦੀਨਾਨਗਰ ਵਿਖੇ ਕਰਵਾਏ ਗਏ ਇਸ ਸ਼ੋਅ ਵਿੱਚ ਸੰਤਾਂ-ਮਹਾਂਪੁਰਸ਼ਾਂ ਦੀ ਹਾਜਰੀ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੇ ਕੀਰਤਨ ਸਰਵਣ ਕਰਨ ਤੋਂ ਬਾਅਦ ਸ਼ੋਅ ਦੇਖਿਆ।
ਸ਼ੋਅ ਵਿੱਚ 500 ਡ੍ਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫੇ, ਬੇਗਮਪੁਰਾ ਦੇ ਸੰਕਲਪ, ਬਰਾਬਰੀ, ਦਇਆ, ਸਮਾਜਿਕ ਨਿਆਂ, ਮਨੁੱਖੀ ਮਾਣ-ਸਨਮਾਨ ਅਤੇ ਆਪਸੀ ਸਤਿਕਾਰ ਬਾਰੇ ਸਦੀਵੀ ਸੰਦੇਸ਼ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ।
ਇਸ ਮੌਕੇ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਪਠਾਨਕੋਟ ਵਾਲਿਆਂ ਵਲੋਂ ਸੰਗਤਾਂ ਨਾਲ ਪ੍ਰਵਚਨ ਕੀਤੇ ਗਏ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਆ।

ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਦੀਨਾਨਗਰ ਸਮਸ਼ੇਰ ਸਿੰਘ ਨੇ ਕਿਹਾ ਕਿ ਡ੍ਰੋਨ ਸ਼ੋਅ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਨੂੰ ਢੁਕਵੀਂ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਗੁਰੂ ਜੀ ਪ੍ਰਤੀ ਉਨ੍ਹਾਂ ਦੀ ਡੂੰਘੀ ਸ਼ਰਧਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਲਈ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਪੇਸ਼ਕਾਰੀ ਨੇ ਗੁਰੂ ਜੀ ਦੇ ਸੰਦੇਸ਼ ਨੂੰ ਬਾਕਮਾਲ ਢੰਗ ਨਾਲ ਪੇਸ਼ ਕਰਨ ਦੇ ਨਾਲ-ਨਾਲ ਬਰਾਬਰੀ, ਭਾਈਚਾਰੇ, ਦਇਆ ਅਤੇ ਸਮਾਜਿਕ ਨਿਆਂ ‘ਤੇ ਆਧਾਰਿਤ ਸਮਾਜ ਦੀ ਸਿਰਜਣਾ ਦੇ ਮਹੱਤਵ ਨੂੰ ਵੀ ਦਰਸਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਤਹਿਤ ਸੂਬੇ ਭਰ ਵਿੱਚ 92 ਡ੍ਰੋਨ ਸ਼ੋਅ ਕਰਵਾਏ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਂਦੇ ਡ੍ਰੋਨ ਸ਼ੋਅ ਕਰਵਾਉਣ ਲਈ ਧੰਨਵਾਦ ਪ੍ਰਗਟ ਕਰਦਿਆਂ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਡ੍ਰੋਨ ਸ਼ੋਅ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਦੇ ਪ੍ਰਚਾਰ-ਪਸਾਰ ਲਈ ਸੂਬੇ ਭਰ ਵਿੱਚ ਸੈਮੀਨਾਰ, ਦਸਤਾਵੇਜ਼ੀ ਫਿਲਮਾਂ ਦਾ ਪ੍ਰਦਰਸ਼ਨ, ਮੈਰਾਥਨ ਅਤੇ ਹੋਰ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਪੰਜਾਬ ਭਰ ਦੇ 13,000 ਪਿੰਡਾਂ ਵਿੱਚ ਵਿਸ਼ੇਸ਼ ਵੈਨਾਂ ਰਾਹੀਂ ਡਾਕੂਮੈਂਟਰੀ ਸ਼ੋਅ ਵੀ ਕਰਵਾਏ ਜਾ ਰਹੇ ਹਨ।
ਸ਼ੋਅ ਦੌਰਾਨ ਇਕੱਤਰ ਲੋਕਾਂ ਨੇ ਹੱਥ ਜੋੜ ਕੇ ਸ਼ਰਧਾ ਨਾਲ ਇਸ ਸ਼ਾਨਦਾਰ ਪੇਸ਼ਕਾਰੀ ਨੂੰ ਦੇਖਿਆ ਅਤੇ ਸ਼ਰਧਾਲੂਆਂ ਨੇ ਇਸ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਡ੍ਰੋਨ ਸ਼ੋਅ ਨੂੰ ਆਧੁਨਿਕ ਤਕਨੀਕ ਦੇ ਜ਼ਰੀਏ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਲੋਕਾਂ, ਖਾਸ ਕਰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਯਾਦਗਾਰੀ ਅਤੇ ਨਿਵਕੇਲਾ ਤਰੀਕਾ ਦੱਸਿਆ।
ਇਸ ਮੌਕੇ ਐੱਸ ਡੀ ਐੱਮ ਦੀਨਾਨਗਰ ਗਗਨਦੀਪ ਸਿੰਘ, ਤਹਿਸੀਲਦਾਰ ਸੁਖਵਿੰਦਰ ਸਿੰਘ, ਡੀ ਐੱਸ ਪੀ ਰਜਿੰਦਰ ਮਨਹਾਸ, ਲੋਕੇਸ਼ ਸਿੰਘ, ਜਸਬੀਰ ਸਿੰਘ ਕਠਿਆਲੀ ਚੇਅਰਮੈਨ ਮਾਰਕੀਟ ਕਮੇਟੀ, ਚੇਅਰਮੈਨ ਰਾਜੀਵ ਸੈਣੀ, ਰਣਜੀਤ ਸਿੰਘ ਬਲਾਕ ਪ੍ਰਧਾਨ, ਸੁਖਦੇਵ ਰਾਜ, ਬਲਾਕ ਪ੍ਰਧਾਨ ਵਤਨ ਸਿੰਘ, ਗੋਰਾ, ਬਲਾਕ ਪ੍ਰਧਾਨ ਰੁਪਿੰਦਰ ਕੌਰ ਬਲਾਕ ਪ੍ਰਧਾਨ ਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਕਾਜਲ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਮੁੰਨਾਂਵਮੋ, ਬਲਾਕ ਪ੍ਰਧਾਨ ਰਣਜੀਤ ਸਿੰਘ ਸਮੇਤ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।