ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਨੇ ਗੁਰਦਾਸਪੁਰ ’ਚ ਅਸਮਾਨ ਨੂੰ ਕੀਤਾ ਰੌਸ਼ਨ
ਗੁਰੂ ਜੀ ਦੇ ਜੀਵਨ, ਮਹਾਨ ਸਿਖਿਆਵਾਂ, ਬੇਗਮਪੁਰੇ ਦਾ ਸੰਕਲਪ ਅਤੇ ਸੱਚੀ-ਸੁੱਚੀ ਕਿਰਤ ਦੀ ਬਾਕਮਾਲ ਪੇਸ਼ਕਾਰੀ
ਪੰਜਾਬ ਸਰਕਾਰ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਵੇਗੀ-ਰਮਨ ਬਹਿਲ
ਕੱਲ੍ਹ 29 ਸਤੰਬਰ ਨੂੰ ਹੈਲੀਪੈਡ ਗਰਾਊਂਡ ਸਾਹਮਣੇ ਬਰਿਸ਼ਤਾ ਰੈਸਟੋਰੈਂਟ ਦੀਨਾਨਗਰ ਵਿਖੇ ਹੋਵੇਗਾ ਡਰੋਨ ਸ਼ੋਅ
ਗੁਰਦਾਸਪੁਰ, 28 ਸਤੰਬਰ 2026 (ਮੰਨਨ ਸੈਣੀ)– ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸੋਕ ਚੱਕਰ) ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸ਼ਾਨਦਾਰ ਡਰੋਨ ਸ਼ੋਅ ਕਰਾਇਆ ਗਿਆ ਜਿਸ ਵਿੱਚ 500 ਡਰੋਨਾਂ ਨੇ ਅਸਮਾਨ ਨੂੰ ਰੁਸ਼ਨਾਉਂਦਿਆਂ ਗੁਰੂ ਜੀ ਦੇ ਜੀਵਨ ਅਤੇ ਮਹਾਨ ਸਿੱਖਿਆਵਾਂ ਬਾਰੇ ਬਾਕਮਾਲ ਪੇਸ਼ਕਾਰੀ ਕੀਤੀ ।
ਇਸ ਵਿਲੱਖਣ ਏਰੀਅਲ ਸ਼ੋਅ ਰਾਹੀਂ ਤਕਨਾਲੋਜੀ ਅਤੇ ਅਧਿਆਤਮਿਕਤਾ ਦਾ ਸੁਮੇਲ ਭਾਰੀ ਗਿਣਤੀ ਵਿੱਚ ਮੌਜੂਦ ਸੰਗਤ ਨੇ ਬਹੁਤ ਹੀ ਸ਼ਰਧਾ-ਭਾਵਨਾ ਨਾਲ ਦੇਖਿਆ । ਸ਼ੋਅ ਦੌਰਾਨ 500 ਡਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਜਿਸ ਵਿੱਚ ਗੁਰੂ ਜੀ ਦੇ ਬਰਾਬਰੀ, ਭਾਈਚਾਰਕ ਸਾਂਝ, ਦਇਆ, ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦਾ ਸਦੀਵੀ ਸੰਦੇਸ਼ ਦੀ ਪੇਸ਼ਕਾਰੀ ਕੀਤੀ ਗਈ ।
ਸੰਗਤ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਸੂਬੇ ਭਰ ਵਿਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਲਗਾਤਾਰ ਡਰੋਨ ਸ਼ੋਅਜ਼, ਡਾਕੂਮੈਂਟਰੀ, ਵਿਦਿਅਕ ਅਦਾਰਿਆਂ ਵਿਚ ਸੈਮੀਨਾਰ ਅਤੇ ਗੁਰੂ ਜੀ ਦੇ ਜੀਵਨ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਡਰੋਨ ਸ਼ੋਅ ਸ੍ਰੀ ਗੁਰੂ ਰਵਿਦਾਸ ਜੀ ਨੂੰ ਢੁਕਵੀਂ ਸ਼ਰਧਾਂਜਲੀ ਹੈ ਅਤੇ ਉਨ੍ਹਾਂ ਦੇ ਸਦੀਵੀ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਡਰੋਨ ਸ਼ੋਅ ਨਹੀਂ, ਸਗੋਂ ਨਵੀਂ ਪੀੜ੍ਹੀ ਲਈ ਗੁਰੂ ਜੀ ਦੇ ਬਰਾਬਰੀ ਅਤੇ ਮਨੁੱਖੀ ਸਨਮਾਨ ਦੇ ਸੰਦੇਸ਼ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਹੈ ਜਿਸ ਤੋਂ ਸਾਰਿਆਂ ਨੂੰ ਗੁਰੂ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਰਧਾ ਨਾਲ ਮਨਾਉਂਦਿਆ ਆਧੁਨਿਕ ਮਾਧਿਅਮਾਂ ਰਾਹੀਂ ਗੁਰੂ ਜੀ ਦੇ ਸਰਬ-ਸਾਂਝੇ ਫਲਸਫ਼ੇ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ, ਅਸ਼ੋਕ ਕੁਮਾਰ ਐੱਸ ਡੀ ਐਮ, ਦਵਿੰਦਰ ਚੌਧਰੀ ਐੱਸ ਪੀ ਡੀ, ਸੰਗਠਨ ਇੰਚਾਰਜ ਭਾਰਤ ਭੂਸ਼ਣ ਸ਼ਰਮਾ, ਚੇਅਰਮੈਨ ਗਗਨ ਮਹਾਜਨ, ਜਿਲ੍ਹਾ ਸੈਕਟਰੀ ਜਗਜੀਤ ਸਿੰਘ ਪਿੰਟਾ, ਟਰੇਸਟੀ ਮੈਂਬਰ ਹਿਤੇਸ਼ ਮਹਾਜਨ, ਟਰੱਸਟੀ ਰਘੁਬੀਰ ਸਿੰਘ ਖਾਲਸਾ, ਟਰੇਡ ਕਮਿਸ਼ਨ ਚੈਅਰਮੈਨ ਰਾਜੇਸ਼ ਨੰਦਾ, ਸਰਪੰਚ ਰਾਜੇਸ਼ ਭੰਗਵਾ, ਪਿ੍ੰਸੀਪਲ ਅਸ਼ਵਨੀ ਭੱਲਾ, ਪ੍ਰੋਫੈਸਰ ਰਾਜ ਕੁਮਾਰ ਸ਼ਹਮਾ, ਪਰਮਿੰਦਰ ਸਿੰਘ ਸੈਣੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤ ਮੌਜੂਦ ਸੀ।
ਸ਼ੋਅ ਦੌਰਾਨ ਰਾਗੀ ਭਾਈ ਜਸਬੀਰ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਜਗਤਾਰ ਸਿੰਘ ਜਸਵੀਰ ਸਿੰਘ ਜੀ ਨੇ ਗੁਰਬਾਣੀ ਦੇ ਸ਼ਬਦ ਅਤੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।

ਦੱਸਣਯੋਗ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਕੱਲ੍ਹ 29 ਸਤੰਬਰ ਨੂੰ ਹੈਲੀਪੈਡ ਗਰਾਊਂਡ ਸਾਹਮਣੇ ਬਰਿਸਤਾ ਰੈਸਟੋਰੈਂਟ ਦੀਨਾਨਗਰ ਵਿਖੇ, 30 ਸਤੰਬਰ ਨੂੰ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ, 1 ਅਕਤੂਬਰ ਨੂੰ ਆਈ ਟੀ ਆਈ ਗਰਾਊਂਡ ਬਟਾਲਾ ਵਿਖੇ ਅਤੇ 2 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ। ਕਰਵਾਇਆ ਜਾਵੇਗਾ