1965,1971, 1999 ਦੀ ਜੰਗ ਅਤੇ ਪਠਾਨਕੋਟ ਏਅਰਬੇਸ ਹਮਲੇ ਵੇਲੇ ਵੀ ਇਸ ਧਰਤੀ ਨੇ ਦਿੱਤਾ ਸੀ ਦੁਸ਼ਮਣ ਨੂੰ ਮੂੰਹ ਤੋੜ ਜਵਾਬ
ਗੁਰਦਾਸਪੁਰ, 3 ਮਈ 2025 (ਦੀ ਪੰਜਾਬ ਵਾਇਰ)। ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਵਿਰੁੱਧ ਸਖ਼ਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰੀਆਂ ਦੀ ਦੇਸ਼ਭਗਤੀ ਅੱਗੇ ਪਾਕਿਸਤਾਨ ਦੇ ਨਾਪਾਕ ਇਰਾਦੇ ਕਦੇ ਸਫਲ ਨਹੀਂ ਹੋ ਸਕਦੇ। ਪੰਜਾਬ ਦੇ ਮਾਝੇ ਦੀ ਇਸ ਧਰਤੀ ਨੇ ਹਮੇਸ਼ਾ ਦੁਸ਼ਮਣ ਨੂੰ ਮੂੰਹਤੋੜ ਜਵਾਬ ਦਿੱਤਾ ਹੈ ਅਤੇ ਅੱਗੇ ਵੀ ਦਿੰਦੀ ਰਹੇਗੀ। ਉਨ੍ਹਾਂ ਨੇ ਇਹ ਬਿਆਨ ਆਪਣੇ ਹਲਕੇ ਡੇਰਾ ਬਾਬਾ ਨਾਨਕ ਦੇ ਪਿੰਡ ਘਣੀਕੇ ਬੇਟ ਵਿੱਚ ਸਰਪੰਚ ਸਰਬਜੀਤ ਸਿੰਘ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਦੌਰਾਨ ਦਿੱਤਾ।

ਰੰਧਾਵਾ ਨੇ 1965, 1971 ਅਤੇ 1999 ਦੀਆਂ ਜੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨੇ ਕਦੇ ਵੀ ਦੇਸ਼ ਨੂੰ ਪਿੱਠ ਨਹੀਂ ਦਿਖਾਈ। ਉਨ੍ਹਾਂ ਨੇ ਪਠਾਨਕੋਟ ਏਅਰਬੇਸ ‘ਤੇ 2016 ਵਿੱਚ ਹੋਏ ਅੱਤਵਾਦੀ ਹਮਲੇ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਮਾਝੇ ਦੇ ਲੋਕਾਂ ਦੀ ਦੇਸ਼ਭਗਤੀ ਪਾਕਿਸਤਾਨ ਦੀ ਹਰ ਨਾਪਾਕ ਇਰਾਦੇ ਨੂੰ ਢਹਿ ਢੇਰੀ ਕਰਨ ਲਈ ਕਾਫ਼ੀ ਹੈ।
ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਅਤੇ ਪੰਜਾਬੀ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸੰਸਦ ਵਿੱਚ ਪੰਜਾਬ ਦੇ ਮੁੱਦਿਆਂ, ਖ਼ਾਸ ਕਰਕੇ ਅੱਤਵਾਦ ਵਿਰੁੱਧ ਆਵਾਜ਼ ਮਜ਼ਬੂਤੀ ਨਾਲ ਆਵਾਜ ਬੁਲੰਦ ਕਰਨ ਲਈ ਕਿਹਾ।

ਰੰਧਾਵਾ ਨੇ ਵਾਅਦਾ ਕੀਤਾ ਕਿ ਉਹ ਪੰਜਾਬ ਦੇ ਹਿੱਤਾਂ ਅਤੇ ਸੁਰੱਖਿਆ ਨੂੰ ਲੈ ਕੇ ਸੰਸਦ ਵਿੱਚ ਡਟ ਕੇ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਨੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਅੱਤਵਾਦ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਨ ਦੀ ਗੱਲ ਵੀ ਕਹੀ।
ਇਸ ਮੌਕੇ ਪਿੰਡ ਵਾਸੀਆਂ ਨੇ ਰੰਧਾਵਾ ਦੇ ਸੰਸਦ ਵਿੱਚ ਪੰਜਾਬ ਦੀ ਨੁਮਾਇੰਦਗੀ ਅਤੇ ਸਰਹੱਦੀ ਖੇਤਰਾਂ ਦੀਆਂ ਸਮੱਸਿਆਵਾਂ ਉਠਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ।