ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਦੂਜੇ ਦਿਨ ਵੀ ਭਰਵਾਂ ਹੁੰਗਾਰਾ
ਘਰਾਂ-ਦੁਕਾਨਾਂ ਤੋਂ ਆਪ ਮੁਹਾਰੇ ਨਿਕਲੇ ਲੋਕ, ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਨ ਦਾ ਦਿੱਤਾ ਸੱਦਾ
“ਯਾਤਰਾ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਪੰਜਾਬ ਦੀ ਜਵਾਨੀ, ਸਮਾਜ ਅਤੇ ਭਵਿੱਖ ਨੂੰ ਬਚਾਉਣ ਲਈ ਸਾਂਝਾ ਸੰਕਲਪ ਹੈ” : ਇਕਬਾਲ ਸਿੰਘ ਲਾਲਪੁਰਾ
ਪਠਾਨਕੋਟ, 19 ਸਤੰਬਰ 2026 (ਦੀ ਪੰਜਾਬ ਵਾਇਰ)– ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਵੱਲੋਂ ਏਕਤਾ ਸਥਲ, ਮਾਧੋਪੁਰ ਤੋਂ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਦੂਜੇ ਦਿਨ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਲੋਕ ਘਰਾਂ ਅਤੇ ਦੁਕਾਨਾਂ ਤੋਂ ਆਪ ਮੁਹਾਰੇ ਬਾਹਰ ਨਿਕਲ ਕੇ ਯਾਤਰਾ ਦਾ ਸਵਾਗਤ ਕਰਦੇ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਆਪਣਾ ਸਮਰਥਨ ਦਿੰਦੇ ਨਜ਼ਰ ਆਏ।
ਪਠਾਨਕੋਟ ਤੋਂ ਸ਼ੁਰੂ ਹੋਈ ਯਾਤਰਾ ਸਰਨਾ, ਸੁੰਦਰ ਚੌਂਕ ਅੱਡਾ ਅਤੇ ਸਹੋਰਾ ਕਲਾਂ ਹੁੰਦੀ ਹੋਈ ਤਾਰਾਗੜ੍ਹ ਵਿਖੇ ਪਹੁੰਚੀ, ਜਿੱਥੇ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਸੰਸਦੀ ਕਮੇਟੀ ਦੇ ਮੈਂਬਰ ਅਤੇ ਸਾਬਕਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਯਾਤਰਾ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਪੰਜਾਬ ਦੀ ਜਵਾਨੀ, ਸਮਾਜ ਅਤੇ ਭਵਿੱਖ ਨੂੰ ਬਚਾਉਣ ਲਈ ਸਾਂਝਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਜੋ ਕਹਿੰਦੀ ਹੈ, ਉਹ ਕਰਕੇ ਵਿਖਾਉਂਦੀ ਹੈ। ਧਾਰਾ 370 ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਅਸੰਭਵ ਸਮਝਿਆ ਜਾਂਦਾ ਸੀ, ਉੱਥੇ ਵੀ ਫੈਸਲਾਕੁੰਨ ਕਦਮ ਚੁੱਕੇ ਗਏ।

ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਸ੍ਰੀ ਲਾਲਪੁਰਾ ਨੇ ਦੋਸ਼ ਲਾਇਆ ਕਿ ਸਥਾਨਕ ਨੁਮਾਇੰਦੇ ਵੱਲੋਂ ਲੋਕਾਂ ਨੂੰ ਯਾਤਰਾ ਵਿੱਚ ਸ਼ਾਮਲ ਨਾ ਹੋਣ ਲਈ ਕਥਿਤ ਤੌਰ ’ਤੇ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪੰਜਾਬ ਲਈ ਗੰਭੀਰ ਸਮੱਸਿਆ ਬਣ ਚੁੱਕਾ ਹੈ ਅਤੇ ਇਸ ਦਾ ਪ੍ਰਭਾਵ ਹੁਣ ਔਰਤਾਂ ਤੱਕ ਵੀ ਪਹੁੰਚ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਇੱਕ ਸਾਲ ਦੌਰਾਨ ਪਠਾਨਕੋਟ ਵਿੱਚ 18 ਤੋਂ 35 ਸਾਲ ਦੀ ਉਮਰ ਦੇ ਕਰੀਬ 100 ਲੋਕ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਇਸ ਦੀ ਸਪਲਾਈ ਚੇਨ ਤੋੜਨੀ, ਨਸ਼ਾ ਤਸਕਰਾਂ ਦੇ ਕਿੰਗਪਿਨਾਂ ਵਿਰੁੱਧ ਕਾਰਵਾਈ ਕਰਨੀ ਅਤੇ ਨਸ਼ਿਆਂ ਦੇ ਪੈਸੇ ਨਾਲ ਬਣਾਈਆਂ ਜਾਇਦਾਦਾਂ ਨੂੰ ਕੁਰਕ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਵਾਲਿਆਂ ਨੂੰ ਇਲਾਜ ਦੇ ਨਾਲ-ਨਾਲ ਹੁਨਰ ਅਤੇ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਉਣੇ ਹੋਣਗੇ। ਉਨ੍ਹਾਂ ਕਿਹਾ ਕਿ ਮਕਸਦ ਸਿਰਫ਼ ਗ੍ਰਿਫ਼ਤਾਰੀਆਂ ਨਹੀਂ, ਸਗੋਂ ਨਸ਼ਿਆਂ ਦੀ ਕੋੜ੍ਹ ਨੂੰ ਹਕੀਕੀ ਰੂਪ ਵਿੱਚ ਖਤਮ ਕਰਨਾ ਹੈ।
ਸ੍ਰੀ ਲਾਲਪੁਰਾ ਨੇ ਕਿਹਾ ਕਿ ਪੰਜਾਬ ਨੇ 1965 ਅਤੇ 1971 ਦੀਆਂ ਜੰਗਾਂ ਵਿੱਚ ਦੇਸ਼ ਦੀ ਰੱਖਿਆ ਲਈ ਮੋਹਰੀ ਭੂਮਿਕਾ ਨਿਭਾਈ। ਜੇਕਰ ਅੱਜ ਪੰਜਾਬ ਦੀਆਂ ਔਰਤਾਂ ਅਤੇ ਨੌਜਵਾਨ ਵੀ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਵਰਗੇ ਯੋਧਿਆਂ ਦੀ ਧਰਤੀ ਲਈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮਿਹਨਤੀ ਅਤੇ ਬਹਾਦਰ ਲੋਕਾਂ ਦੀ ਧਰਤੀ ਹੈ ਅਤੇ ਸਾਂਝੇ ਯਤਨਾਂ ਨਾਲ ਨਵਾਂ ਪੰਜਾਬ ਸਿਰਜਿਆ ਜਾ ਸਕਦਾ ਹੈ।
ਨਸ਼ਾ ਵਿਰੋਧੀ ਯਾਤਰਾ ਨੂੰ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਸ੍ਰੀ ਲਾਲਪੁਰਾ ਨੇ ਸਵਾਲ ਕੀਤਾ ਕਿ ਜੇਕਰ ਉਹ ਸੱਚਮੁੱਚ ਨਸ਼ਿਆਂ ਦੇ ਵਿਰੋਧ ਵਿੱਚ ਹਨ ਤਾਂ ਇਸ ਮੁਹਿੰਮ ਨਾਲ ਜੁੜਨ ਅਤੇ ਨਸ਼ਿਆਂ ਵਿਰੁੱਧ ਇਕੱਠੇ ਤੁਰਨ। ਉਨ੍ਹਾਂ ਲੋਕਾਂ ਨੂੰ ਯਾਤਰਾ ਨੂੰ ਪਿੰਡ-ਪਿੰਡ ਲੈ ਕੇ ਜਾਣ ਅਤੇ ਨਸ਼ਾ ਮੁਕਤ ਪੰਜਾਬ ਲਈ ਸੰਕਲਪ ਲੈਣ ਦਾ ਸੱਦਾ ਦਿੱਤਾ।
ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਜਿਸ ਪੰਜਾਬ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮਨਿਰਭਰ ਬਣਾਇਆ ਅਤੇ ਸਰਹੱਦਾਂ ਦੀ ਰੱਖਿਆ ਲਈ ਖੂਨ ਡੋਲ੍ਹਿਆ, ਅੱਜ ਉਸ ਦਾ ਨਸ਼ਿਆਂ ਵਿੱਚ ਘਿਰਨਾ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕੀਤਾ ਗਿਆ ਸੀ, ਪਰ ਇਸ ਦਿਸ਼ਾ ਵਿੱਚ ਉਮੀਦ ਮੁਤਾਬਕ ਨਤੀਜੇ ਸਾਹਮਣੇ ਨਹੀਂ ਆਏ। ਉਨ੍ਹਾਂ ਕਿਹਾ ਕਿ ਇਹ ਗੱਲ ਉਹ ਨਹੀਂ, ਸਗੋਂ ਵਿਧਾਨ ਸਭਾ ਦੇ ਸਪੀਕਰ ਵੀ ਕਹਿ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਗੈਂਗਸਟਰਾਂ ਨੂੰ ਸਿਆਸੀ ਮੌਕੇ ਦੇਣ ਦਾ ਦੋਸ਼ ਵੀ ਲਾਇਆ।
ਯਾਤਰਾ ਦੇ ਇੰਚਾਰਜ ਰਜਨੀਸ਼ ਧੀਮਾਨ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੀ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਵੱਲ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਦਾ ਤਹੱਈਆ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ਰਾਜ ਯਕੀਨੀ ਬਣਾਉਂਦਿਆਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਡਟ ਕੇ ਖੜ੍ਹਨ ਦਾ ਸੱਦਾ ਦਿੱਤਾ।
ਯਾਤਰਾ ਦੇ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਕਿਸਾਨੀ, ਖੇਡਾਂ ਅਤੇ ਸਰਹੱਦਾਂ ਦੀ ਰਾਖੀ ਲਈ ਜਾਣੀ ਜਾਂਦੀ ਸੀ, ਪਰ ਅੱਜ ਨਸ਼ਿਆਂ ਨੇ ਇਸ ਨੌਜਵਾਨੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਨਸ਼ਾ ਖਤਮ ਕਰਨ ਦੀ ਗਰੰਟੀ ਦੇਣ ਵਾਲੀ ਸਰਕਾਰ ਸਾਢੇ ਚਾਰ ਸਾਲ ਬਾਅਦ ਵੀ ਇਸ ਮੋਰਚੇ ’ਤੇ ਸਫ਼ਲ ਕਿਉਂ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੰਕਲਪ ਕੀਤਾ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਲੋਕਾਂ ਦੇ ਸਹਿਯੋਗ ਨਾਲ ਕਦਮ-ਦਰ-ਕਦਮ ਅੱਗੇ ਵਧਿਆ ਜਾਵੇਗਾ।
ਇਸ ਮੌਕੇ ਪੰਜਾਬ ਭਾਜਪਾ ਦੇ ਸਕੱਤਰ ਸੂਰਜ ਭਾਰਦਵਾਜ, ਸਾਬਕਾ ਵਿਧਾਇਕਾ ਸੀਮਾ ਦੇਵੀ, ਰਾਜੇਸ਼ ਹਨੀ, ਸੁਰੇਸ਼ ਸ਼ਰਮਾ (ਜ਼ਿਲ੍ਹਾ ਪ੍ਰਧਾਨ), ਕੁਲਦੀਪ ਸਿੰਘ ਕਾਹਲੋਂ, ਸਾਬਕਾ ਡੀਐਸਪੀ ਅਵਤਾਰ ਸਿੰਘ, ਰਾਜਕੁਮਾਰ ਗੁਪਤਾ, ਗਣੇਸ਼ਵਰ ਬਾਬਾ, ਸੰਜੀਵ ਜੱਗੀ, ਸੰਜੀਵ ਗਲੋਟਾ, ਵਿਸ਼ਾਲ ਰਿੰਕੂ, ਅਵਤਾਰ ਸਿੰਘ (ਐਸਸੀ ਮੋਰਚਾ), ਰਜਿੰਦਰ ਸਿੰਘ ਬਿੱਟੂ, ਰਕੇਸ਼ ਮਾਜਰਾ, ਕਮਲ ਕਿਸ਼ੋਰ ਰਤਨਗੜ੍ਹ, ਸੁਰਿੰਦਰ ਬਕਨੌਰ, ਸੱਜਣ ਖਿਆਲਾ, ਸੰਜੀਵ ਸੰਜੂ, ਪਰਸ਼ੋਤਮ, ਤਰਲੋਕ ਸਿੰਘ, ਜੋਗਿੰਦਰ ਪਾਲ, ਦਰਬਾਰੀ ਲਾਲ, ਨਰੇਸ਼ ਕੁਮਾਰ ਅਤੇ ਦੀਪਕ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।