Close

Recent Posts

ਗੁਰਦਾਸਪੁਰ

ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਯੁਵਕ ਮੇਲੇ ਦੀ ਤਿਆਰੀ ਲਈ ਵਿਸ਼ੇਸ਼ ਵਰਕਸ਼ਾਪਾਂ ਜਾਰੀ

ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਯੁਵਕ ਮੇਲੇ ਦੀ ਤਿਆਰੀ ਲਈ ਵਿਸ਼ੇਸ਼ ਵਰਕਸ਼ਾਪਾਂ ਜਾਰੀ
  • PublishedSeptember 18, 2026

ਗੁਰਦਾਸਪੁਰ, 18 ਸਤੰਬਰ 2026 (ਮੰਨਨ ਸੈਣੀ)– ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਯੁਵਕ ਮੇਲੇ, ਜੋ ਇਸ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450ਵੀਂ ਸਥਾਪਨਾ ਵਰ੍ਹੇਗੰਢ ਨੂੰ ਸਮਰਪਿਤ ਹੈ, ਲਈ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਵਿਸ਼ੇਸ਼ ਵਰਕਸ਼ਾਪਾਂ ਲਗਾਤਾਰ ਜਾਰੀ ਹਨ।

ਕਾਲਜ ਵਿੱਚ ਥੀਏਟਰ, ਭੰਗੜਾ, ਗਿੱਧਾ, ਲੋਕਗੀਤ, ਲੋਕ ਸਾਜ਼, ਕੋਰਿਓਗ੍ਰਾਫੀ, ਫਾਈਨ ਆਰਟਸ ਅਤੇ ਵਿਰਾਸਤੀ ਕਲਾਵਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿਧਾਵਾਂ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਵਿਸ਼ੇਸ਼ ਕੋਚਾਂ, ਮਾਹਿਰ ਟ੍ਰੇਨਰਾਂ ਅਤੇ ਸਾਜ਼ਿੰਦਿਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਥੀਏਟਰ ਵਿੱਚ ਅਦਾਕਾਰੀ, ਸੰਵਾਦ ਅਦਾਇਗੀ ਅਤੇ ਮੰਚ-ਪੇਸ਼ਕਾਰੀ, ਭੰਗੜੇ ਅਤੇ ਗਿੱਧੇ ਵਿੱਚ ਰਵਾਇਤੀ ਸਟੈਪ, ਤਾਲ-ਲੈਅ ਅਤੇ ਸਮੂਹਕ ਪੇਸ਼ਕਾਰੀ, ਲੋਕਗੀਤ ਵਿੱਚ ਸੁਰ ਅਤੇ ਲੋਕ-ਗਾਇਕੀ ਦੀਆਂ ਬਾਰੀਕੀਆਂ, ਜਦਕਿ ਲੋਕ ਸਾਜ਼ਾਂ ਵਿੱਚ ਰਵਾਇਤੀ ਸਾਜ਼ਾਂ ਨੂੰ ਵਜਾਉਣ ਅਤੇ ਸੰਗੀਤ ਨਾਲ ਉਨ੍ਹਾਂ ਦੀ ਸੰਗਤ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਕੋਰਿਓਗ੍ਰਾਫੀ ਵਿੱਚ ਸੱਭਿਆਚਾਰਕ ਵਿਸ਼ਿਆਂ ਨੂੰ ਮੰਚੀ ਰੂਪ ਦੇਣ ਅਤੇ ਪ੍ਰਭਾਵਸ਼ਾਲੀ ਸਮੂਹਕ ਪੇਸ਼ਕਾਰੀ ਤਿਆਰ ਕਰਨ ’ਤੇ ਧਿਆਨ ਦਿੱਤਾ ਜਾ ਰਿਹਾ ਹੈ।

ਇਸ ਵਾਰ ਫਾਈਨ ਆਰਟਸ ਅਤੇ ਵਿਰਾਸਤੀ ਕਲਾਵਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ, ਤਾਂ ਜੋ ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪੰਜਾਬ ਦੀ ਅਮੀਰ ਲੋਕ-ਕਲਾ ਅਤੇ ਵਿਰਾਸਤ ਨਾਲ ਜੋੜਿਆ ਜਾ ਸਕੇ।

ਵਿਦਿਆਰਥੀਆਂ ਦੀਆਂ ਵੱਖ-ਵੱਖ ਕਲਾਤਮਕ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ ਜ਼ਿਲ੍ਹੇ ਦੀ ਸਮਰਪਣ ਸੋਸਾਇਟੀ ਵੱਲੋਂ ਵੀ ਵਿਸ਼ੇਸ਼ ਧਿਆਨ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਸਮਰਪਣ ਸੋਸਾਇਟੀ ਦੇ ਸਕੱਤਰ ਸ੍ਰੀ ਪਰਮਿੰਦਰ ਸੈਣੀ ਵੱਲੋਂ ਵਰਕਸ਼ਾਪਾਂ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ।

Written By
The Punjab Wire