ਗੁਰਦਾਸਪੁਰ, 23 ਅਪ੍ਰੈਲ, 2025 (ਦੀ ਪੰਜਾਬ ਵਾਇਰ)। ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਜਨਰਲ ਸਕੱਤਰ ਸ.ਜਗਰੂਪ ਸਿੰਘ ਸੇਖਵਾਂ ਨੇ ਬੀਤੇ ਕੱਲ੍ਹ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਭਿਆਨਕ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਇਰਤਾਪੂਰਨ ਅੱਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ ਹੈ। ਨਿਹੱਥੇ ਮਾਸੂਮ ਲੋਕਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਘਟਨਾ ਮਨੁੱਖਤਾ ‘ਤੇ ਹਮਲਾ ਹੈ।
ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਘੜੀ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਇੱਕਜੁੱਟ ਹੈ ਅਤੇ ਉਹਨਾਂ ਦੇ ਨਾਲ ਖੜਾ ਹੈ। ਉਨ੍ਹਾਂ ਅੱਤਵਾਦ ਦੇ ਹਰ ਰੂਪ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਤੋਂ ਪਹਿਲਾ ਵੀ 2019 ਵਿੱਚ ਪੁਲਵਾਮਾ ਹਮਲਾ, 2016 ਵਿੱਚ ਉਰੀ ਹਮਲਾ ਸਮੇਤ ਇਸ ਖੇਤਰ ਨੂੰ ਦਹਾਕਿਆਂ ਤੋਂ ਅੱਤਵਾਦੀਆਂ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੇ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਣਾ ਇਹ ਦਰਸ਼ਾਉਂਦਾ ਹੈ ਕਿ ਅੱਤਵਾਦੀ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਨਹੀਂ ਚਾਹੁੰਦੇ ਅਤੇ ਸੈਲਾਨੀਆਂ ਦੇ ਮਨਾਂ ਵਿੱਚ ਡਰ ਬਿਠਾਉਣਾ ਚਾਹੁੰਦੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਦੇ ਮਨਾਂ ਵਿਚੋਂ ਡਰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਰਹੱਦੀ ਖੇਤਰਾਂ ਵਿੱਚ ਗਸ਼ਤ ਵਧਾ ਦਿੱਤੀ ਹੈ, ਜੰਮੂ-ਕਸ਼ਮੀਰ ਵਿੱਚ ਫਸੇ ਪੰਜਾਬੀਆਂ ਨੂੰ ਵੀ ਵਾਪਸ ਲਿਆਉਣ ਲਈ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ।