ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵਲੋਂ ਪਹਿਲਗਾਮ ਵਿੱਚ ਸੈਲਾਨੀਆਂ ਦੇ ਕਤਲੇਆਮ ਦੀ ਸਖ਼ਤ ਨਿਖੇਧੀ
ਵਾਰਦਾਤ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ
ਗੁਰਦਾਸਪੁਰ 23 ਅਪ੍ਰੈਲ 2025 (ਦੀ ਪੰਜਾਬ ਵਾਇਰ)। ਕਸ਼ਮੀਰ ਘਾਟੀ ਵਿਚ ਪਹਿਲਗਾਮ ਨੇੜੇ 28 ਸੈਲਾਨੀਆਂ ਦੇ ਅਣਮਨੁੱਖੀ ਕਤਲੇਆਮ ਅਤੇ ਕਈ ਹੋਰਨਾਂ ਨੂੰ ਜ਼ਖਮੀ ਕਰਨ ਦੀ ਅਨ ਮਨੁੱਖੀ ਵਾਰਦਾਤ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸਖਤ ਨਿਖੇਧੀ ਕਰਦਿਆਂ ਸਾਰੇ ਮ੍ਰਿਤਕਾਂ ਪ੍ਰਤੀ ਸੰਵੇਦਨਾ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ। ਸਭਾ ਦੀ ਇਕਾਈ ਦੇ ਪ੍ਰਧਾਨ ਡਾਕਟਰ ਜਗਜੀਵਨ ਲਾਲ, ਸਕੱਤਰ ਅਸ਼ਵਨੀ ਕੁਮਾਰ, ਸੂਬਾ ਪ੍ਰੈੱਸ ਸਕੱਤਰ ਅਮਰਜੀਤ ਸ਼ਰਮਾ, ਜ਼ਿਲ੍ਹਾ ਪ੍ਰੈਸ ਸਕੱਤਰ ਰਣਜੀਤ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਕੋਠੇ , ਅਮਰਜੀਤ ਸਿੰਘ ਮਨੀ , ਡਾਕਟਰ ਅਸ਼ੋਕ ਭਾਰਤੀ , ਕਰਣੈਲ ਸਿੰਘ ਚਿੱਟੀ ਅਤੇ ਸੁਖਵਿੰਦਰ ਪਾਲ ਆਦਿ ਨੇ ਇਸ ਵਹਿਸ਼ੀ ਕਤਲੇਆਮ ਖ਼ਿਲਾਫ਼ ਜਾਰੀ ਬਿਆਨ ਵਿੱਚ ਕਿਹਾ ਕਿ ਇਸ ਘਟਨਾ ਨੇ ਜੰਮੂ-ਕਸ਼ਮੀਰ ਵਿੱਚ ਹਾਲਾਤ ਆਮ ਵਰਗੇ ਹੋਣ ਦੇ ਮੋਦੀ ਸਰਕਾਰ ਦੇ ਦਾਅਵਿਆਂ ਨੂੰ ਬੇਨਕਾਬ ਕਰ ਦਿੱਤਾ ਹੈ।
ਜੱਮੂ ਅਤੇ ਕਸ਼ਮੀਰ ਨੂੰ ਹਿੱਸਿਆਂ ਵਿਚ ਵੰਡਣ, ਸੂਬੇ ਦੀ ਬਜਾਏ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦੇਣ , ਪੂਰੀਆਂ ਸ਼ਕਤੀਆਂ ਚੁਣੀ ਹੋਈ ਸਰਕਾਰ ਦੀ ਬਜਾਏ ਲੈਫਟੀਨੈਂਟ ਗਵਰਨਰ ਦੇ ਹੱਥ ਦੇਣ ਦੇ ਬਾਵਜੂਦ ਜੰਮੂ ਕਸ਼ਮੀਰ ਵਿੱਚ ਆਮ ਨਾਗਰਿਕਾਂ, ਪ੍ਰਵਾਸੀ ਮਜ਼ਦੂਰਾਂ ਅਤੇ ਸੈਲਾਨੀਆਂ ਉਤੇ ਦਹਿਸ਼ਤੀ ਹਮਲੇ ਜਿਉਂ ਦੀ ਤਿਉਂ ਜਾਰੀ ਹਨ। ਕੇਂਦਰੀ ਬਲਾਂ ਤੇ ਫੌਜ ਦੀ ਭਾਰੀ ਮੌਜੂਦਗੀ ਦੇ ਬਾਵਜੂਦ ਫਿਰਕੂ ਦਹਿਸ਼ਤਗਰਦੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਮੋਦੀ ਸਰਕਾਰ ਵਲੋਂ ਉੱਥੇ ਜਨਤਾ ਦੇ ਲੋਕਤੰਤਰੀ ਫਤਵੇ ਨੂੰ ਦਬਾਉਣ ਅਤੇ ਮਸਲੇ ਨੂੰ ਸਿਆਸੀ ਤੌਰ ‘ਤੇ ਹੱਲ ਕਰਨ ਦੀ ਬਜਾਏ ਬੰਦੂਕ ਦੇ ਜੋਰ ‘ਤੇ ਨਜਿੱਠਣ ਦੀ ਨੀਤੀ ਸੂਬੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੀ ਬਹਾਲੀ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ।
ਇਥੋਂ ਤੱਕ ਕਿ ਦੇਸ਼ ਵਾਸੀਆਂ ਦੇ ਮਨਾਂ ਵਿੱਚ ਇਸ ਘਿਨਾਉਣੇ ਕਤਲੇਆਮ ਦੇ ਸਮੇਂ ਅਤੇ ਪ੍ਰਸੰਗ ਨੂੰ ਲੈ ਕੇ ਗੰਭੀਰ ਖਦਸੇ ਹਨ। ਜਨਤਾ ਇਸ ਨੂੰ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਭਾਰਤ ਦੌਰੇ ਦੌਰਾਨ ਹੋਏ ਚਿੱਠੀ ਸਿੰਘਪੁਰਾ ਵਿੱਚ ਤਿੰਨ ਦਰਜਨ ਕਸ਼ਮੀਰੀ ਸਿੱਖਾਂ ਦੇ ਕਤਲੇਆਮ, ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਵਾਮਾ ਵਿਖੇ ਹੋਏ ਭਾਰੀ ਵਿਸਫੋਟ ਜਿਸ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੇ 40 ਜੁਆਨਾਂ ਦੀਆਂ ਜਾਨਾਂ ਜਾਣ ਅਤੇ ਹੁਣ ਅਮਰੀਕੀ ਉਪ ਰਾਸ਼ਟਰਪਤੀ ਵਾਂਸ ਦੇ ਭਾਰਤ ਦੌਰੇ ਦੌਰਾਨ ਸੈਲਾਨੀਆਂ ਦੇ ਇਸ ਕਤਲੇਆਮ ਵਰਗੀਆਂ ਵਾਰਦਾਤਾਂ ਨੂੰ ਸਵਾਲੀਆ ਨਿਸ਼ਾਨ ਲੱਗਿਆ ਵੇਖ ਰਹੀ ਹੈ।
ਆਗੂਆਂ ਦਾ ਹੋਰ ਕਹਿਣਾ ਹੈ ਕਿ ਇਸ ਘਿਨਾਉਣੀ ਵਾਰਦਾਤ ਦੇ ਕਾਤਲਾਂ ਤੇ ਸਾਜ਼ਿਸ਼ਕਾਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਹਾਂ । ਬਿਆਨ ਵਿੱਚ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦੁੱਖਦਾਈ ਵਾਰਦਾਤ ਦੀ ਆੜ ਵਿੱਚ ਫਿਰਕੂ ਭੜਕਾਹਟ ਫੈਲਾਉਣ ਵਾਲੇ ਫਾਸ਼ੀਵਾਦੀ ਤੱਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ।