ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ; ਪ੍ਰਮੁੱਖ ਸਥਾਨਾਂ ‘ਤੇ ਸੁਰੱਖਿਆ ਵਧਾਈ
ਚੰਡੀਗੜ੍ਹ, 23 ਅਪ੍ਰੈਲ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ‘ਚ ਬੀਤੀ ਸ਼ਾਮ ਹੋਈ ਅੱਤਵਾਦੀ ਘਟਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਚਾਹੇ ਕੋਈ ਵੀ ਧਰਮ ਹੋਵੇ, ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਉਕਤ ਜਾਣਕਾਰੀ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੇ ਸੂਬੇ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦਿੱਤੀ। ਇਸ ਮੀਟਿੰਗ ‘ਚ ਸੂਬੇ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ, ਰਾਜ ਇੰਟੈਲੀਜੈਂਸ ਮੁਖੀ ਅਤੇ ਵਿਜੀਲੈਂਸ ਮੁਖੀ ਨੇ ਵੀ ਹਿੱਸਾ ਲਿਆ।

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ‘ਚ ਹਾਈ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਹੈ। ਸੂਬੇ ‘ਚ ਉੱਚ ਜੋਖਮ ਵਾਲੇ ਵਿਅਕਤੀਆਂ ਦੀ ਸੁਰੱਖਿਆ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਰਿਹਾਇਸ਼ਾਂ ਦੇ ਆਸ-ਪਾਸ ਗਸ਼ਤ ਵਧਾਈ ਗਈ ਹੈ। ਇਸ ਤੋਂ ਇਲਾਵਾ, ਧਾਰਮਿਕ ਸਥਾਨਾਂ, ਜਨਤਕ ਇਕੱਠ ਵਾਲੀਆਂ ਥਾਵਾਂ ਅਤੇ ਵਿਦਿਅਕ ਸੰਸਥਾਵਾਂ, ਜਿਨ੍ਹਾਂ ‘ਚ ਜੰਮੂ-ਕਸ਼ਮੀਰ ਦੇ ਵਿਦਿਆਰਥੀ ਪੜ੍ਹਦੇ ਹਨ, ਦੀ ਸੁਰੱਖਿਆ ਵੀ ਸਖ਼ਤ ਕੀਤੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਬੀਤੀ ਸ਼ਾਮ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬਾ ਸਰਕਾਰ ਨੇ ਸਭ ਤੋਂ ਪਹਿਲਾਂ ਜੰਮੂ-ਕਸ਼ਮੀਰ ਨਾਲ ਲੱਗਦੀ ਅੰਤਰ-ਰਾਜੀ ਸਰਹੱਦ ‘ਤੇ ਸੁਰੱਖਿਆ ਵਧਾਈ। ਇਸ ਤੋਂ ਬਾਅਦ ਸੂਬੇ ‘ਚ ਗਸ਼ਤ ਅਤੇ ਸੁਰੱਖਿਆ ਦੇ ਹੋਰ ਪ੍ਰਬੰਧ ਸਖ਼ਤ ਕੀਤੇ ਗਏ, ਖਾਸ ਕਰਕੇ ਜਨਤਕ ਥਾਵਾਂ ‘ਤੇ ਜਿੱਥੇ ਲੋਕਾਂ ਦੀ ਆਵਾਜਾਈ ਵਧੇਰੇ ਹੁੰਦੀ ਹੈ, ਤਾਂ ਜੋ ਲੋਕਾਂ ‘ਚ ਸੁਰੱਖਿਆ ਦੀ ਭਾਵਨਾ ਬਣੀ ਰਹੇ। ਉਨ੍ਹਾਂ ਕਿਹਾ, “ਅਸੀਂ ਜੰਮੂ-ਕਸ਼ਮੀਰ ਪੁਲਿਸ ਅਤੇ ਸਾਰੀਆਂ ਇੰਟੈਲੀਜੈਂਸ ਏਜੰਸੀਆਂ ਨਾਲ ਰੀਅਲ-ਟਾਈਮ ਸੰਪਰਕ ‘ਚ ਹਾਂ। ਪਾਕਿਸਤਾਨ ਭਾਰਤ ਨੂੰ ਹਜ਼ਾਰ ਜ਼ਖਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਅੱਤਵਾਦੀ ਮੋਡਿਊਲਾਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ ਅਤੇ ਅੱਗੇ ਵੀ ਦਿੰਦੇ ਰਹਾਂਗੇ। ਅਸੀਂ ਪੰਜਾਬ ਨੂੰ ਸੁਰੱਖਿਅਤ ਰੱਖਾਂਗੇ।”
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ, ਜਿਸ ਦੀ ਪਾਕਿਸਤਾਨ ਨਾਲ 530 ਕਿਲੋਮੀਟਰ ਤੋਂ ਵੱਧ ਸਰਹੱਦ ਲੱਗਦੀ ਹੈ, ਅਕਸਰ ਉਨ੍ਹਾਂ ਦੀ ਪ੍ਰੌਕਸੀ ਜੰਗ ਦਾ ਨਿਸ਼ਾਨਾ ਬਣਦਾ ਹੈ। ਉਨ੍ਹਾਂ ਕਿਹਾ, “ਉਹ ਡਰੋਨਾਂ ਰਾਹੀਂ ਨਕਲੀ ਨੋਟ, ਹਥਿਆਰ ਅਤੇ ਨਸ਼ਿਆਂ ਦੀ ਤਸਕਰੀ ਕਰ ਰਹੇ ਹਨ। ਸਾਡੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਮੱਗਲਰ ਅਤੇ ਗੈਂਗਸਟਰ ਹੁਣ ਇਕੱਠੇ ਹੋ ਗਏ ਹਨ। ਜਦੋਂ ਤੋਂ ਅਸੀਂ ਨਸ਼ਾ ਤਸਕਰਾਂ ਦੀ ਗਰਦਨ ‘ਤੇ ਨਕੇਲ ਕੱਸੀ ਹੈ, ਉਹ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਗੈਂਗਸਟਰ, ਜੋ ਡਰ ਪੈਦਾ ਕਰ ਰਹੇ ਹਨ, ਸਾਰੇ ਦੇਸ਼ ਤੋਂ ਬਾਹਰ ਬੈਠੇ ਹਨ ਅਤੇ ਆਪਣੇ ਨਾਪਾਕ ਮਨਸੂਬਿਆਂ ਲਈ ਸ਼ੂਟਰ ਰੱਖਦੇ ਹਨ। ਅਸੀਂ ਉਨ੍ਹਾਂ ਨਾਲ ਨਜਿੱਠਣ ਦੇ ਸਮਰੱਥ ਹਾਂ। ਇਸ ਲਈ ਅਸੀਂ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਰਹੇ ਹਾਂ।”
ਸੀਐੱਮ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਜੰਮੂ-ਕਸ਼ਮੀਰ ਸਰਕਾਰ ਦੇ ਸੰਪਰਕ ‘ਚ ਹੈ ਅਤੇ ਕਸ਼ਮੀਰ ਘਾਟੀ ‘ਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।