ਕਾਂਗਰਸੀਆਂ ਨੇ ਖਜ਼ਾਨਾ ਮੰਤਰੀ ਖ਼ਿਲਾਫ਼ ਕੇਸ ਦਰਜ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਐਸਐਸਪੀ ਨੂੰ ਸੌਂਪਿਆ ਮੰਗ ਪੱਤਰ
ਗੁਰਦਾਸਪੁਰ, 11 ਸਤੰਬਰ 2026 (ਮੰਨਨ ਸੈਣੀ)– ਜ਼ਿਲ੍ਹਾ ਗੁਰਦਾਸਪੁਰ ਦੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਬਲਾਕ ਪ੍ਰਧਾਨਾਂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਵਿੱਚ ਐਸਐਸਪੀ ਬਟਾਲਾ ਨੂੰ ਇੱਕ ਮੰਗ ਪੱਤਰ ਸੌਂਪਿਆ। ਜਿਸ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਸਤੀਫੇ ਦੀ ਮੰਗ ਕੀਤੀ ਗਈ।
ਵਿਧਾਇਕ ਪਾਹੜਾ ਨੇ ਕਿਹਾ ਕਿ ਦਿੜਬਾ ਦੇ ਰਹਿਣ ਵਾਲੇ ਗੁਲਜ਼ਾਰ ਸਿੰਘ ਨੂੰ ਜਲੀਲ ਕਰਨ ਅਤੇ ਡਰਾਉਣ-ਧਮਕਾਉਣ ਤੋਂ ਬਾਅਦ ਉਸ ਨੇ ਆਤਮਹੱਤਿਆ ਕਰ ਲਈ ਸੀ। ਆਤਮਹੱਤਿਆ ਕਰਨ ਤੋਂ ਪਹਿਲਾਂ ਮ੍ਰਿਤਕ ਗੁਲਜ਼ਾਰ ਸਿੰਘ ਨੇ ਮੰਤਰੀ ਹਰਪਾਲ ਸਿੰਘ ਚੀਮਾ ਦਾ ਨਾਮ ਲਿਆ ਸੀ, ਪਰ ਐਫਆਈਆਰ ਵਿੱਚ ਖਜ਼ਾਨਾ ਮੰਤਰੀ ਦਾ ਨਾਮ ਕਿਉਂ ਨਹੀਂ ਪਾਇਆ ਗਿਆ। ਹਾਲਾਂਕਿ ਇਹ ਤਾਂ ਕਾਨੂੰਨ ਦੇ ਆਧਾਰ ‘ਤੇ ਇਨ੍ਹਾਂ ਦਾ ਨਾਮ ਪਹਿਲੇ ਨੰਬਰ ‘ਤੇ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਲਦੀ ਤੋਂ ਜਲਦੀ ਹਰਪਾਲ ਸਿੰਘ ਚੀਮਾ ਦਾ ਨਾਮ ਐਫਆਈਆਰ ਵਿੱਚ ਪਾ ਕੇ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਉੱਪਰ ਕੁਝ ਵੀ ਨਹੀਂ ਹੈ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਮਰਨ ਤੋਂ ਪਹਿਲਾਂ ਬੋਲੇ ਹੋਏ ਨਾਮ ‘ਤੇ ਐਫਆਈਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਪਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੱਚ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਇਸ ਮੌਕੇ ਗੌਤਮ ਸੇਠ ਜ਼ਿਲ੍ਹਾ ਵਾਈਸ ਪ੍ਰਧਾਨ, ਸੰਜੀਵ ਸ਼ਰਮਾ ਪ੍ਰਧਾਨ ਸ਼ਹਿਰੀ ਕਾਂਗਰਸ ਬਟਾਲਾ, ਪ੍ਰਭਜੋਤ ਸਿੰਘ ਚੱਠਾ ਜ਼ਿਲ੍ਹਾ ਜਨਰਲ ਸਕੱਤਰ, ਰਿਪੀ ਬਾਜਵਾ ਜ਼ਿਲ੍ਹਾ ਜਨਰਲ ਸਕੱਤਰ, ਅਮਨਦੀਪ ਸਿੰਘ ਦੇਹਾਤੀ ਪ੍ਰਧਾਨ ਬਟਾਲਾ, ਸਾਹਿਬ ਸਿੰਘ ਪ੍ਰਧਾਨ ਸ੍ਰੀ ਹਰਗੋਬਿੰਦਪੁਰ, ਬਲਵਿੰਦਰ ਸਿੰਘ ਪ੍ਰਧਾਨ ਫਤਿਹਗੜ੍ਹ ਚੂੜੀਆਂ, ਗੁਰਨਾਮ ਸਿੰਘ ਪ੍ਰਧਾਨ ਕਾਦੀਆਂ ਬਲਾਕ, ਰਮੇਸ਼ ਵਰਮਾ, ਕੌਂਸਲਰ ਵਿੱਕੀ ਕਸ਼ਯਪ, ਪਰਮਿੰਦਰ ਸਿੰਘ ਵਾਈਸ ਪ੍ਰਧਾਨ ਬਟਾਲਾ, ਰਾਜਿੰਦਰ ਨਿੰਦਾ ਮੰਡਲ ਪ੍ਰਧਾਨ, ਧਰਮਿੰਦਰ ਸਿੰਘ ਜਨਰਲ ਸਕੱਤਰ, ਡਾਕਟਰ ਬਲਬੀਰ ਸਿੰਘ, ਹਰਨੌਰ ਸਿੰਘ ਹਾਜ਼ਰ ਸਨ।