ਖੇਡਾਂ ਵਤਨ ਪੰਜਾਬ ਸੀਜ਼ਨ-4 ਦਾ ਆਗਾਜ਼
ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਘੁੰਮਣ ਕਲਾਂ ਦੇ ਖੇਡ ਮੈਦਾਨ ਤੋਂ ਕਰਵਾਈ ਸ਼ਾਨਦਾਰ ਸ਼ੁਰੂਆਤ
ਡੇਰਾ ਬਾਬਾ ਨਾਨਕ, 7 ਸਤੰਬਰ 2026 (ਮੰਨਨ ਸੈਣੀ)– ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਖੇਡਾਂ ਵਤਨ ਪੰਜਾਬ ਸੀਜ਼ਨ-4 ਤਹਿਤ ਪਿੰਡ ਘੁੰਮਣ ਕਲਾਂ ਦੇ ਖੇਡ ਮੈਦਾਨ ਤੋਂ ਸ਼ਾਨਦਾਰ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਮਨਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਵਾਈਸ ਚੇਅਰਮੈਨ ਜ਼ਿਲ੍ਹਾ ਪਰੀਸ਼ਦ ਗੁਰਦਾਸਪੁਰ, ਸਿਮਰਨਜੀਤ ਸਿੰਘ ਜ਼ਿਲ੍ਹਾ ਖੇਡ ਅਫਸਰ ਸਮੇਤ ਨੇੜਲੇ ਪਿੰਡਾਂ ਦੇ ਬੱਚੇ ਸਰਪੰਚ ਅਤੇ ਖਿਡਾਰੀ ਮੌਜੂਦ ਸਨ।
ਅੱਜ ਬਲਾਕ ਪੱਧਰੀ ਖੇਡਾਂ ਬਲਾਕ ਧਾਰੀਵਾਲ, ਸ਼੍ਰੀ ਹਰਗੋਬਿੰਦਪੁਰ ਸਾਹਿਬ , ਕਾਦੀਆਂ ਅਤੇ ਬਟਾਲਾ ਵਿਖੇ ਵੱਖ-ਵੱਖ ਖੇਡਾਂ ਅਤੇ ਵੱਖ-ਵੱਖ ਉਮਰ ਵਰਗ ਵਿੱਚ ਸ਼ੁਰੂ ਕਰਵਾਈਆਂ ਗਈਆਂ ਹਨ। ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਨੌਜਵਾਨ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਤੰਦਰੁਸਤ ਜੀਵਨਸ਼ੈਲੀ ਅਪਣਾਉਣ ਅਤੇ ਆਪਣੀ ਪ੍ਰਤਿਭਾ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਉਨ੍ਹਾਂ ਸਾਰੇ ਖਿਡਾਰੀਆਂ ਨੂੰ ਆਉਣ ਵਾਲੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਪੂਰੇ ਜੋਸ਼ ਤੇ ਖੇਡ ਭਾਵਨਾ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਓ, ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਇੱਕ ਤੰਦਰੁਸਤ, ਨਸ਼ਾ ਮੁਕਤ ਅਤੇ ਖੇਡਾਂ ਵਿੱਚ ਮੋਹਰੀ ਪੰਜਾਬ ਦੀ ਸਿਰਜਣਾ ਕਰੀਏ।
ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਚੌਥਾ ਸੀਜ਼ਨ 14 ਤੋਂ 70 ਸਾਲ ਤੋਂ ਵੱਧ ਉਮਰ ਦੇ ਲਗਭਗ 10 ਲੱਖ ਖਿਡਾਰੀਆਂ ਨੂੰ 39 ਖੇਡ ਮੁਕਾਬਲਿਆਂ ਅਤੇ ਚਾਰ ਪੈਰਾ-ਖੇਡਾਂ ਖੇਡਣ ਲਈ ਖੇਡ ਮੈਦਾਨ ਵਿੱਚ ਉਤਾਰੇਗਾ। ਇਹ ਖੇਡਾਂ ਪੀੜ੍ਹੀਆਂ ਨੂੰ ਜੋੜਣਗੀਆਂ ਅਤੇ ਸੂਬੇ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਖੇਡ ਪ੍ਰਤਿਭਾ ਨੂੰ ਨਿਖਾਰਨਗੀਆਂ। ਇਹ ਖੇਡਾਂ 29 ਨਵੰਬਰ ਨੂੰ ਪਟਿਆਲਾ ਵਿਖੇ ਸਮਾਪਤ ਹੋਣਗੀਆਂ, ਜਿਨ੍ਹਾਂ ਵਿੱਚ ਜੇਤੂਆਂ ਲਈ 12.50 ਕਰੋੜ ਰੁਪਏ ਦੇ ਨਕਦ ਇਨਾਮ ਰੱਖੇ ਗਏ ਹਨ, ਜਿਸ ਵਿੱਚ ਪਹਿਲੀ ਵਾਰ ਵੈਟਰਨ ਖਿਡਾਰੀਆਂ ਲਈ ਵੀ ਨਕਦ ਇਨਾਮ ਸ਼ਾਮਲ ਹਨ।
ਉਨ੍ਹਾਂ ਕਿਹਾ ਗਿਆ ੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਅਤੇ ਸੂਬੇ ਨੂੰ ਖੇਡਾਂ ਵਿੱਚ ਮੁੜ ਨੰਬਰ ਇੱਕ ਬਣਾਉਣ ਦੀ ਸਾਡੀ ਮੁਹਿੰਮ ਨਿਰੰਤਰ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ ਕੁੱਲ 39 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਐਥਲੇਟਿਕਸ, ਪਾਵਰਲਿਫਟਿੰਗ, ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਸਮੇਤ ਚਾਰ ਪੈਰਾ-ਖੇਡਾਂ ਸ਼ਾਮਲ ਹਨ।