ਗੁਰਦਾਸਪੁਰ ਪੰਜਾਬ

ਪ੍ਰਤਾਪ ਬਾਜਵਾ ਖਿਲਾਫ਼ ਸਿਆਸੀ ਬਦਲਾਖੋਰੀ ਤਹਿਤ ਮਾਮਲਾ ਦਰਜ: ਬਾਜਵਾ ਤੋਂ ਪਹਿਲਾਂ NIA ਨੇ ਪੰਜਾਬ ਸਰਕਾਰ ਨੂੰ ਕੀਤਾ ਸੀ ਅਲਰਟ- ਪਾਹੜਾ

ਪ੍ਰਤਾਪ ਬਾਜਵਾ ਖਿਲਾਫ਼ ਸਿਆਸੀ ਬਦਲਾਖੋਰੀ ਤਹਿਤ ਮਾਮਲਾ ਦਰਜ: ਬਾਜਵਾ ਤੋਂ ਪਹਿਲਾਂ NIA ਨੇ ਪੰਜਾਬ ਸਰਕਾਰ ਨੂੰ ਕੀਤਾ ਸੀ ਅਲਰਟ- ਪਾਹੜਾ
  • PublishedApril 14, 2025

ਗੁਰਦਾਸਪੁਰ, 14 ਅਪ੍ਰੈਲ 2025 (ਦੀ ਪੰਜਾਬ ਵਾਇਰ)। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿੱਚ ਅਜੇ ਵੀ 32 ਗਰਨੇਡ ਹੋਣ ਦੇ ਬਿਆਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਗੁਰਦਾਸਪੁਰ ਹਲਕੇ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਜ਼ਿਲ੍ਹਾ ਪ੍ਰਧਾਨ ਪਾਹੜਾ ਨੇ ਦੱਸਿਆ ਕਿ ਪਾਕਿਸਤਾਨ ਤੋਂ ਪੰਜਾਬ ਵਿੱਚ 55 ਗਰਨੇਡ ਆਉਣ ਦੀ ਖ਼ਬਰ ਇੱਕ ਅਖ਼ਬਾਰ ਵਿੱਚ ਛਪੀ ਸੀ। ਇਸ ਮਾਮਲੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਬਣਦੀ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਤਾਪ ਸਿੰਘ ਬਾਜਵਾ ਨੂੰ ਸੂਤਰਾਂ ਦਾ ਖੁਲਾਸਾ ਕਰਨ ਲਈ ਕਹਿ ਰਹੀ ਹੈ, ਜਦਕਿ ਐਨ.ਆਈ.ਏ. ਦੇ ਹਵਾਲੇ ਨਾਲ ਅਖਬਾਰ ਵਿੱਚ ਖਬਰ ਪ੍ਰਕਾਸ਼ਿਤ ਹੋਈ ਹੈ। ਉਨ੍ਹਾਂ ਕਿਹਾ ਕਿ ਐਨਆਈਏ ਵੱਲੋਂ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਹੁਣ ਪ੍ਰਤਾਪ ਸਿੰਘ ਬਾਜਵਾ ਨੇ ਵੀ ਉਹੀ ਗੱਲ ਦੁਹਰਾਈ ਹੈ, ਫਿਰ ਕਿਸ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

ਪਾਹੜਾ ਨੇ ਕਿਹਾ ਕਿ ਜਾਂ ਤਾਂ ਪੰਜਾਬ ਸਰਕਾਰ ਇਹ ਸਾਬਤ ਕਰੇ ਕਿ ਪੰਜਾਬ ਦੇ ਥਾਣਿਆਂ ‘ਤੇ ਗ੍ਰਨੇਡ ਹਮਲੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ ਡਰਾਮਾ ਕਰਨਾ ਜਾਣਦੀ ਹੈ ਨਾ ਕਿ ਆਪਣਾ ਫਰਜ਼। ਉਨ੍ਹਾਂ ਕਿਹਾ ਕਿ ਉਕਤ ਮਾਮਲਾ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨ, ਵਪਾਰੀ ਅਤੇ ਹੋਰ ਸਾਰੇ ਵਰਗਾਂ ਦੇ ਲੋਕ ਸਰਕਾਰ ਵਿਰੁੱਧ ਹੋ ਗਏ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰੀ ਢੰਗ ਨਾਲ ਕੰਮ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਵਿੱਚ ਚੁਣੇ ਹੋਏ ਕਾਂਗਰਸੀ ਆਗੂਆਂ ਨੂੰ ਕੰਮ ਨਹੀਂ ਕਰਨ ਦੇ ਰਹੀ। ਇਸ ਮੌਕੇ ਕਾਂਗਰਸ ਲੀਡਰਸ਼ਿਪ ਦਾ ਸਮੂਹ ਹਾਜ਼ਰ ਸੀ।

Written By
The Punjab Wire