ਖਾਦਾਂ ਦੇ ਨਿਰਧਾਰਤ ਰੇਟ ਤੋਂ ਵੱਧ ਵਸੂਲੀ ਕਰਨ ਵਾਲਿਆਂ ਨੂੰ ਮੁੱਖ ਖੇਤੀਬਾੜੀ ਅਫ਼ਸਰ ਦੀ ਸਖ਼ਤ ਤਾੜਨਾ
ਵੱਖ-ਵੱਖ ਖਾਦ ਵਿਕਰੇਤਾਵਾਂ ਦੀ ਕੀਤੀ ਚੈਕਿੰਗ, ਵੱਧ ਰੇਟ ਵਸੂਲਣ ’ਤੇ ਸਖ਼ਤ ਕਾਰਵਾਈ ਦੀ ਚਿਤਾਵਨੀ
ਗੁਰਦਾਸਪੁਰ, 1 ਸਤੰਬਰ 2026 (ਮੰਨਨ ਸੈਣੀ)— ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਵਿਕਰੀ ਦੌਰਾਨ ਨਿਰਧਾਰਤ ਰੇਟ ਤੋਂ ਵੱਧ ਕੀਮਤ ਵਸੂਲਣ ਵਾਲੇ ਡੀਲਰਾਂ ਖ਼ਿਲਾਫ਼ ਖੇਤੀਬਾੜੀ ਵਿਭਾਗ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਸ਼ਹਿਬਾਜ਼ ਸਿੰਘ ਚੀਮਾ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਇਨਫੋਰਸਮੈਂਟ ਵਿੰਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਖਾਦ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਸ਼ਹਿਬਾਜ਼ ਸਿੰਘ ਚੀਮਾ ਨੇ ਖਾਦ ਵਿਕਰੇਤਾਵਾਂ ਨੂੰ ਸਖ਼ਤ ਤਾੜਨਾ ਕਰਦਿਆਂ ਸਪਸ਼ਟ ਕੀਤਾ ਕਿ ਕਿਸੇ ਵੀ ਡੀਲਰ ਵੱਲੋਂ ਕਿਸਾਨਾਂ ਕੋਲੋਂ ਖਾਦ ਦਾ ਨਿਰਧਾਰਤ ਰੇਟ ਤੋਂ ਵੱਧ ਮੁੱਲ ਵਸੂਲ ਕੀਤਾ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦ, ਕੀਟਨਾਸ਼ਕ ਦਵਾਈਆਂ, ਬੀਜ ਜਾਂ ਹੋਰ ਖੇਤੀਬਾੜੀ ਸਮੱਗਰੀ ਵੇਚਣ ਸਮੇਂ ਹਰ ਹਾਲਤ ਵਿੱਚ ਪੱਕਾ ਬਿੱਲ ਦਿੱਤਾ ਜਾਣਾ ਲਾਜ਼ਮੀ ਹੈ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਨਿਰਧਾਰਤ ਕੀਮਤ ਤੋਂ ਵੱਧ ਕਿਸੇ ਵੀ ਖੇਤੀਬਾੜੀ ਸਮੱਗਰੀ ਦਾ ਮੁੱਲ ਨਾ ਵਸੂਲਿਆ ਜਾਵੇ।
ਡਾ. ਚੀਮਾ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਫ਼ਸਲਾਂ ਦੀ ਲੋੜ ਅਨੁਸਾਰ ਅਤੇ ਸਿਫ਼ਾਰਸ਼ ਕੀਤੀ ਮਾਤਰਾ ਮੁਤਾਬਕ ਹੀ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਾੜ੍ਹੀ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਵਿੱਚ ਡੀਏਪੀ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਲੋੜ ਅਨੁਸਾਰ ਡੀਏਪੀ ਖਾਦ ਦੀ ਸਪਲਾਈ ਲਗਾਤਾਰ ਪਹੁੰਚ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਦੀ ਲੋੜੀਂਦੀ ਮਾਤਰਾ ਉਪਲਬਧ ਰਹੇਗੀ। ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੋੜ ਅਨੁਸਾਰ ਹੀ ਡੀਏਪੀ ਅਤੇ ਹੋਰ ਖਾਦਾਂ ਦੀ ਖਰੀਦ ਕਰਨ ਅਤੇ ਕਿਸੇ ਵੀ ਕਿਸਮ ਦੀ ਕਾਲਾਬਾਜ਼ਾਰੀ ਜਾਂ ਵੱਧ ਰੇਟ ਵਸੂਲੀ ਦੀ ਸੂਰਤ ਵਿੱਚ ਖੇਤੀਬਾੜੀ ਵਿਭਾਗ ਨੂੰ ਸੂਚਿਤ ਕਰਨ।