Close

Recent Posts

ਗੁਰਦਾਸਪੁਰ ਪੰਜਾਬ

ਸਿੱਖਿਆ ਕ੍ਰਾਂਤੀ: ਚੇਅਰਮੈਨ ਰਮਨ ਬਹਿਲ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਤਿੰਨ ਸਰਕਾਰੀ ਸਕੂਲਾਂ `ਚ ਵਿਕਾਸ ਕਾਰਜਾਂ ਦੇ ਉਦਘਾਟਨ

ਸਿੱਖਿਆ ਕ੍ਰਾਂਤੀ: ਚੇਅਰਮੈਨ ਰਮਨ ਬਹਿਲ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਤਿੰਨ ਸਰਕਾਰੀ ਸਕੂਲਾਂ `ਚ ਵਿਕਾਸ ਕਾਰਜਾਂ ਦੇ ਉਦਘਾਟਨ
  • PublishedApril 7, 2025

ਸਿੱਖਿਆ ਕ੍ਰਾਂਤੀ ਪ੍ਰੋਗਰਾਮ ਨੇ ਦਿੱਖ ਅਤੇ ਕਾਰਗੁਜ਼ਾਰੀ ਪੱਖੋਂ ਬਦਲੀ ਸਰਕਾਰੀ ਸਕੂਲਾਂ ਦੀ ਨੁਹਾਰ – ਰਮਨ ਬਹਿਲ

ਗੁਰਦਾਸਪੁਰ, 7 ਅਪ੍ਰੈਲ 2025 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ। ਸਿੱਖਿਆ ਕ੍ਰਾਂਤੀ ਤਹਿਤ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਨਾਲ ਸੰਬੰਧਿਤ ਵੱਖ ਵੱਖ ਸਕੂਲਾਂ ਵਿੱਚ ਕਰੋੜਾਂ ਰੁਪਏ ਦੇ ਪ੍ਰਭਾਵਸ਼ਾਲੀ ਅਤੇ ਕ੍ਰਾਂਤੀਕਾਰੀ ਵਿਕਾਸ ਕਾਰਜ ਕਰਵਾਏ ਗਏ ਹਨ, ਜਿਨ੍ਹਾਂ ਦੇ ਉਦਘਾਟਨ ਕਰਨ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਕੀਤੇ ਗਏ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਸਭ ਤੋਂ ਪਹਿਲਾਂ ਸਰਕਾਰੀ ਮਿਡਲ ਸਕੂਲ ਮੁਸਤਫਾਾਬਾਦ ਜੱਟਾਂ ਵਿਖੇ ਨਵੇਂ 8.91 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਕਲਾਸ ਰੂਮਾਂ ਦਾ ਉਦਘਾਟਨ ਕੀਤਾ। ਇਸ ਸਕੂਲ ਵਿੱਚ ਬੱਚਿਆਂ ਲਈ ਨਵੇਂ ਵਾਸ਼ਰੂਮ ਵੀ ਬਣਾਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਮਿਡਲ ਸਕੂਲ ਬਾਹੀਆਂ ਵਿਖੇ 4.32 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰਦੀਵਾਰੀ ਦਾ ਉਦਘਾਟਨ ਕੀਤਾ। ਆਖ਼ਰ ਵਿੱਚ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਿੱਬੜ ਵਿਖੇ 24.59 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਕਲਾਸ ਰੂਮਾਂ ਅਤੇ ਵਾਸ਼ਰੂਮ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਅੰਦਰ ਸਿੱਖਿਆ ਨੂੰ ਸਰਵੋਤਮ ਵਿੱਦਿਅਕ ਮਿਆਰਾਂ ਦੇ ਹਾਣੀ ਬਣਾਉਣ ਲਈ ਸਰਕਾਰੀ ਸਕੂਲਾਂ ਵਿੱਚ ਨਵੇਂ ਕਲਾਸ ਰੂਮ ਬਣਾਏ ਗਏ ਹਨ ਅਤੇ ਨਾਲ ਹੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਵੀ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਧੁਨਿਕ ਕਿਸਮ ਦੀ ਪੜ੍ਹਾਈ ਕਰਵਾਉਣ ਲਈ ਡਿਜੀਟਲ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ ਅਤੇ ਵੱਖ-ਵੱਖ ਸਕੂਲਾਂ ਨੂੰ ਹਾਈਟੈੱਕ ਕੀਤਾ ਗਿਆ ਹੈ।

ਜਿਸ ਤਹਿਤ ਸਕੂਲਾਂ ਨੂੰ ਸੀ ਸੀ ਟੀਵੀ ਕੈਮਰਿਆਂ ਨਾਲ ਲੈਸ ਕਰਨ ਦੇ ਇਲਾਵਾ ਵਾਈ-ਫਾਈ ਦੀ ਕਨੈਕਟਿਵਿਟੀ ਵੀ ਦਿੱਤੀ ਗਈ ਹੈ। ਇਸੇ ਤਰ੍ਹਾਂ ਡਿਜੀਟਲ ਬੋਰਡ, ਲਾਇਬ੍ਰੇਰੀਆਂ, ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ, ਚਾਰ ਦਿਵਾਰੀਆਂ, ਖੇਡਾਂ ਦੇ ਮੈਦਾਨ ਅਤੇ ਸਮਾਨ, ਸਮਾਰਟ ਕਲਾਸ ਰੂਮ ਅਤੇ ਪ੍ਰੋਜੈਕਟਾਂ ਸਮੇਤ ਹਰ ਤਰ੍ਹਾਂ ਦੀ ਸਹੂਲਤ ਸਰਕਾਰੀ ਸਕੂਲਾਂ ਵਿੱਚ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਸਰ ਸਰਕਾਰੀ ਸਕੂਲਾਂ ਵਿੱਚ ਟਾਇਲਟ ਨਾਲ ਸੰਬੰਧਿਤ ਸਮੱਸਿਆਵਾਂ ਪੇਸ਼ ਆਉਂਦੀਆਂ ਸਨ ਜਿਸ ਤਹਿਤ ਹੁਣ ਸਰਕਾਰੀ ਸਕੂਲਾਂ ਅੰਦਰ ਟਾਇਲਟ ਬਣਾਉਣ ਤੇ ਵੀ ਲੱਖਾਂ ਰੁਪਏ ਖ਼ਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸੂਬੇ ਭਰ ਵਿੱਚ ਸਿੱਖਿਆ ਕ੍ਰਾਂਤੀ ਜਰੀਏ ਸਕੂਲਾਂ ਦੀ ਨੁਹਾਰ ਬਦਲਣ ਲਈ ਜਿੱਥੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ ਓਥੇ ਸਕੂਲਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਨਵੇਂ ਵਿਕਾਸ ਕਾਰਜ ਵੀ ਸ਼ੁਰੂ ਕੀਤੇ ਜਾਣਗੇ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅੱਜ ਸਰਕਾਰੀ ਸਕੂਲ ਨਾ ਸਿਰਫ਼ ਆਪਣੀ ਬਾਹਰੀ ਦਿੱਖ ਨੂੰ ਲੈ ਕੇ ਲੋਕਾਂ ਦੀ ਪਸੰਦ ਬਣ ਰਹੇ ਹਨ ਸਗੋਂ ਇਹ ਸਕੂਲ ਹੁਣ ਨਤੀਜਿਆਂ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਪੱਖੋਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਪਹਿਲ ਦੇਣ ਕਿਉਂਕਿ ਹੁਣ ਸਰਕਾਰੀ ਸਕੂਲ ਸਿੱਖਿਆ ਤੇ ਸਹੂਲਤਾਂ ਦੇ ਪੱਖ ਤੋਂ ਨਿੱਜੀ ਸਕੂਲਾਂ ਤੋਂ ਵੀ ਅੱਗੇ ਹਨ।

ਓਧਰ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਹੋਏ ਵੱਖ-ਵੱਖ ਵਿਕਾਸ ਕਾਰਜਾਂ ਤੋਂ ਪਿੰਡ ਵਾਸੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਖ਼ੁਸ਼ ਹਨ ਅਤੇ ਉਨ੍ਹਾਂ ਨੇ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

ਇਸ ਮੌਕੇ ਸ੍ਰੀ ਅਸ਼ਵਨੀ ਕੁਮਾਰ, ਸਿੱਖਿਆ ਕੋਆਰਡੀਨੇਟਰ, ਸਤਨਾਮ ਸਿੰਘ ਸਰਪੰਚ ਮੁਸਤਫ਼ਾਬਾਦ ਜੱਟਾਂ, ਬਲਾਕ ਪ੍ਰਧਾਨ ਰਾਕੇਸ਼ ਕੁਮਾਰ ਬੱਬੇਹਾਲੀ, ਹਿਤੇਸ਼ ਮਹਾਜਨ, ਰੁਪੇਸ਼ ਕੁਮਾਰ, ਰੋਬਿਨ ਸਿੰਘ, ਤਰੁਨ ਵਿਆਸ, ਤਿੱਬੜ ਸਕੂਲ ਦੇ ਪ੍ਰਿੰਸੀਪਲ ਗੁਰਪਾਲ ਸਿੰਘ, ਬੀ.ਐੱਨ.ਓ. ਗੀਤਿਕਾ ਗੋਸਵਾਮੀ, ਪ੍ਰਿੰਸੀਪਲ ਬੱਬੇਹਾਲੀ ਸਕੂਲ ਰਵੀਕਾਂਤ, ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਕਮਲਦੀਪ, ਮੈਡਮ ਰੀਤਿਕਾ, ਅਮਰਜੀਤ ਸਿੰਘ ਪੁਰੇਵਾਲ, ਸੈਮੂਅਲ ਸਹੋਤਾ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਹਾਜ਼ਰ ਸਨ।

Written By
The Punjab Wire