ਗੁਰਦਾਸਪੁਰ: ਬੈਂਸ ਪਿੰਡ ‘ਚ ਗੋਲੀਆਂ ਚਲਾਉਣ ਅਤੇ ਤੋੜ-ਫੋੜ ਕਰਨ ਵਾਲੇ ਦੋ ਮੁਲਜ਼ਮ ਗ੍ਰਿਫਤਾਰ

ਗੁਰਦਾਸਪੁਰ, 7 ਅਪ੍ਰੈਲ 2025 (ਦੀ ਪੰਜਾਬ ਵਾਇਰ)। ਜ਼ਿਲ੍ਹਾ ਪੁਲਿਸ ਨੇ ਪਿੰਡ ਬੈਂਸ ‘ਚ ਗੋਲੀਆਂ ਚਲਾਉਣ ਅਤੇ ਤੋੜ-ਫੋੜ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਐਸਐਸਪੀ ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਤਿੰਨ ਅਪ੍ਰੈਲ ਨੂੰ ਪਿੰਡ ਬੈਂਸ (ਦੋਰਾਂਗਲਾ) ‘ਚ ਬਲਜੀਤ ਸਿੰਘ ਉਰਫ਼ ਲੀਡਰ ਪੁੱਤਰ ਧਰਮ ਸਿੰਘ ਦੇ ਘਰ ਦੇ ਬਾਹਰ ਗਲੀ ‘ਚ ਹਵਾਈ ਫਾਇਰ ਕੀਤੇ ਗਏ ਅਤੇ ਘਰ ਦੇ ਗੇਟ ਦੀ ਵੀ ਤੋੜ-ਫੋੜ ਕੀਤੀ ਗਈ। ਜਦੋਂ ਬਲਜੀਤ ਸਿੰਘ ਘਰੋਂ ਬਾਹਰ ਨਿਕਲਿਆ ਤਾਂ ਉਸ ਨੂੰ ਵੇਖ ਕੇ ਮੁਲਜ਼ਮ ਗਾਲ੍ਹਾਂ ਕੱਢਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਉਸ ਦੇ ਬਿਆਨ ਦਰਜ ਕਰਨ ਤੋਂ ਬਾਅਦ ਤਕਨੀਕੀ ਤਰੀਕਿਆਂ ਨਾਲ ਜਾਂਚ ਕਰਦਿਆਂ ਕੁਝ ਹੀ ਸਮੇਂ ‘ਚ ਮੁਲਜ਼ਮ ਜਸਕਰਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਅਤੇ ਗੁਰਚਰਨਦੀਪ ਸਿੰਘ ਉਰਫ਼ ਮੇਜਰ ਪੁੱਤਰ ਇਕਬਾਲ ਸਿੰਘ, ਦੋਵੇਂ ਨਿਵਾਸੀ ਵਜ਼ੀਰਪੁਰ ਅਫਗਾਨਾ, ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਤੋਂ ਵਾਰਦਾਤ ‘ਚ ਵਰਤਿਆ ਗਿਆ ਗੈਰ-ਕਾਨੂੰਨੀ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ ਇੱਕ ਦਾਤਰ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।