Close

Recent Posts

ਕਾਨੂੰਨ ਤੋਂ ਉੱਪਰ ਕੋਈ ਨਹੀਂ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ, ਜਾਤੀਸੂਚਕ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ, ਕਾਨੂੰਨ ਆਪਣਾ ਕੰਮ ਕਰੇਗਾ: ਹਰਪਾਲ ਸਿੰਘ ਚੀਮਾ

ਕਾਨੂੰਨ ਤੋਂ ਉੱਪਰ ਕੋਈ ਨਹੀਂ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ, ਜਾਤੀਸੂਚਕ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ, ਕਾਨੂੰਨ ਆਪਣਾ ਕੰਮ ਕਰੇਗਾ: ਹਰਪਾਲ ਸਿੰਘ ਚੀਮਾ

ਗੁਰਦਾਸਪੁਰ ਪੰਜਾਬ

ਦੀਨਾਨਗਰ ’ਚ ਸਫ਼ਾਈ, ਕੂੜਾ ਡੰਪ ਤੇ ਬੱਸ ਸਟੈਂਡ ਨੂੰ ਲੈ ਕੇ ਕਾਂਗਰਸ ਦਾ ‘ਆਪ’ ’ਤੇ ਹਮਲਾ

ਦੀਨਾਨਗਰ ’ਚ ਸਫ਼ਾਈ, ਕੂੜਾ ਡੰਪ ਤੇ ਬੱਸ ਸਟੈਂਡ ਨੂੰ ਲੈ ਕੇ ਕਾਂਗਰਸ ਦਾ ‘ਆਪ’ ’ਤੇ ਹਮਲਾ
  • PublishedAugust 31, 2026

‘ਆਪ’ ਹਲਕਾ ਇੰਚਾਰਜ ਸਫ਼ਾਈ ਦੇ ਨਾਂ ’ਤੇ ਕਰ ਰਿਹਾ ਦਿਖਾਵਾ, AI ਵੀਡੀਓਜ਼ ਰਾਹੀਂ ਲੋਕਾਂ ਨੂੰ ਭੁਲੇਖੇ ’ਚ ਪਾਉਣ ਦਾ ਦੋਸ਼: ਅਸ਼ੋਕ ਚੌਧਰੀ

ਦੀਨਾਨਗਰ, 31 ਅਗਸਤ 2026 (ਮੰਨਨ ਸੈਣੀ)। ਹਲਕਾ ਵਿਧਾਇਕਾ ਅਰੁਣਾ ਚੌਧਰੀ ਦੀ ਹਾਜ਼ਰੀ ਵਿੱਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ’ਤੇ ਸਫ਼ਾਈ ਮੁਹਿੰਮ ਦੇ ਨਾਂ ’ਤੇ ਦੀਨਾਨਗਰ ਦੀ ਜਨਤਾ ਨੂੰ ਪ੍ਰਭਾਵਿਤ ਕਰਨ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਵੀਡੀਓ ਤਿਆਰ ਕਰਕੇ ਲੋਕਾਂ ਨੂੰ ਭੁਲੇਖਾ ਪਾਉਣ ਦੇ ਦੋਸ਼ ਲਗਾਏ ਹਨ।

ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਅਸ਼ੋਕ ਚੌਧਰੀ ਨੇ ਕਿਹਾ ਕਿ ਪੌਣੇ ਪੰਜ ਸਾਲ ਤਾਂ ਇਸ ਆਗੂ ਨੂੰ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਨੂੰ ਦਰੁੱਸਤ ਕਰਨ ਦਾ ਖ਼ਿਆਲ ਨਹੀਂ ਆਇਆ ਅਤੇ ਹੁਣ ਖ਼ੁਦ ਨਾਲੀਆਂ ਸਾਫ਼ ਕਰਨ ਦਾ ਡਰਾਮਾ ਕਰਕੇ ਆਪਣੀ ਟਿਕਟ ਪੱਕੀ ਕਰਨ ਦਾ ਜੁਗਾੜ ਫਿੱਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੋਟੋ ਸੈਸ਼ਨਾਂ ਨਾਲ ਵੋਟਾਂ ਨਹੀਂ ਪੈਂਦੀਆਂ ਅਤੇ ਨਾ ਹੀ ਦੀਨਾਨਗਰ ਹਲਕੇ ਦੀ ਪੜ੍ਹੀ-ਲਿਖੀ ਜਨਤਾ ਨੂੰ ਮੂਰਖ਼ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਸਲੀਅਤ ਵਿੱਚ ਇਹ ਆਗੂ ਨਗਰ ਕੌਂਸਲ ਦੀਨਾਨਗਰ ਦੇ ਕੰਮ ਵਿੱਚ ਖੱਲਲ ਪਾ ਰਿਹਾ ਹੈ ਅਤੇ ਸਫ਼ਾਈ ਕਾਮਿਆਂ ਦੇ ਰੋਜ਼ਾਨਾ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਜੋ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਦਾ ਉਦੇਸ਼ ਸਿਰਫ਼ ਦਿਖਾਵਾ ਕਰਨਾ ਹੈ, ਜਿਸ ਲਈ ਇਹ ਕਿਸੇ ਵੀ ਦਫ਼ਤਰ ਅਤੇ ਪ੍ਰੋਗਰਾਮ ਵਿੱਚ ਪਹੁੰਚ ਕੇ ਫੋਟੋ ਸੈਸ਼ਨ ਕਰਦਾ ਹੈ।

ਬੱਸ ਸਟੈਂਡ ਅਤੇ ਕੂੜੇ ਦੇ ਡੰਪ ਦੇ ਮੁੱਦੇ ’ਤੇ ਗੱਲ ਕਰਦਿਆਂ ਸੀਨੀਅਰ ਆਗੂ ਅਸ਼ੋਕ ਚੌਧਰੀ ਨੇ ਕਿਹਾ ਕਿ 2022 ਦੀਆਂ ਚੋਣਾਂ ਮੌਕੇ ਕੂੜਾ ਡੰਪ ਨੂੰ ਸ਼ਿਫ਼ਟ ਨਾ ਕਰਨ ਲਈ ਕਾਂਗਰਸ ਪਾਰਟੀ ਨੂੰ ਕੋਸਣ ਵਾਲੇ ਤਮਾਮ ਆਗੂ ਹੁਣ ‘ਆਪ’ ਸਰਕਾਰ ਖ਼ਿਲਾਫ਼ ਕਿਉਂ ਨਹੀਂ ਬੋਲਦੇ। ਉਨ੍ਹਾਂ ਕਿਹਾ ਕਿ ਲੰਘੇ ਪੌਣੇ ਪੰਜ ਸਾਲਾਂ ਤੋਂ ਪੰਜਾਬ ਅੰਦਰ ‘ਆਪ’ ਦੀ ਸਰਕਾਰ ਹੈ ਅਤੇ ਐਨੇ ਸਮੇਂ ਵਿੱਚ ਇਹ ਸਰਕਾਰ ਅਤੇ ਇਸ ਦਾ ਸੈਲਫ ਸਟਾਈਲਡ ਹਲਕਾ ਇੰਚਾਰਜ ਆਪਣੇ ਰਾਜ ਦੌਰਾਨ ਕੂੜਾ ਡੰਪ ਸ਼ਿਫ਼ਟ ਕਿਉਂ ਨਹੀਂ ਕਰਵਾ ਸਕਿਆ ਅਤੇ ਹਾਲੇ ਤੱਕ ਬੱਸ ਸਟੈਂਡ ਦਾ ਨਿਰਮਾਣ ਕੰਮ ਕਿਉਂ ਸ਼ੁਰੂ ਨਹੀਂ ਹੋ ਸਕਿਆ।

ਅਸ਼ੋਕ ਚੌਧਰੀ ਨੇ ਕਿਹਾ ਕਿ ਬੱਸ ਸਟੈਂਡ ਨੂੰ ਬਣਾਉਣ ਲਈ ਤਤਕਾਲੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਪ੍ਰੋਜੈਕਟ ਮਨਜ਼ੂਰ ਕਰਵਾ ਕੇ ਪੈਸੇ ਵੀ ਪਾਸ ਕਰਵਾ ਦਿੱਤੇ ਸਨ, ਪਰ ‘ਆਪ’ ਸਰਕਾਰ ਇਸ ਨੂੰ ਅੱਗੇ ਬਣਵਾ ਨਹੀਂ ਸਕੀ ਅਤੇ ਨਾ ਹੀ ਪੌਣੇ ਪੰਜ ਸਾਲਾਂ ਵਿੱਚ ਕੂੜੇ ਡੰਪ ਦਾ ਮਸਲਾ ਹੱਲ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਵਿਧਾਇਕਾ ਅਰੁਣਾ ਚੌਧਰੀ ਦੇ ਯਤਨਾਂ ਸਦਕਾ ਹੀ ਨਗਰ ਕੌਂਸਲ ’ਤੇ ਕਾਬਜ਼ ਕਾਂਗਰਸ ਦੀ ਕਮੇਟੀ ਬੱਸ ਸਟੈਂਡ ਦੀ ਦਸ਼ਾ ਸੁਧਾਰਨ ਲਈ 1 ਕਰੋੜ 30 ਲੱਖ ਰੁਪਏ ਨਾਲ ਪ੍ਰੀਮਿਕਸ ਪਵਾਉਣ ਜਾ ਰਹੀ ਹੈ, ਜਿਸ ਦੀਆਂ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਇਹ ਕੰਮ ਜਲਦ ਸ਼ੁਰੂ ਹੋਵੇਗਾ।

ਉਨ੍ਹਾਂ ਹਲਕੇ ਦੀ ਜਨਤਾ ਨੂੰ ਵਿਕਾਸ ਅਤੇ ਸਫ਼ਾਈ ਦੇ ਨਾਂ ’ਤੇ ਸਿਰਫ਼ ਫੋਟੋਆਂ ਖਿਚਵਾਉਣ ਵਾਲੇ ਅਖੌਤੀ ਆਗੂਆਂ ਤੋਂ ਬਚਣ ਅਤੇ ਇਨ੍ਹਾਂ ਵੱਲੋਂ AI ਰਾਹੀਂ ਸੋਸ਼ਲ ਮੀਡੀਆ ’ਤੇ ਪ੍ਰਚਾਰੀਆਂ ਜਾ ਰਹੀਆਂ ਫ਼ਰਜ਼ੀ ਵੀਡੀਓਜ਼ ’ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ।

ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਨਗਰ ਕੌਂਸਲ ਦੀਨਾਨਗਰ ਵਿੱਚ ਵਾਰ-ਵਾਰ ਈਓ ਬਦਲਣ ਦੀ ਨੀਤੀ ਨੂੰ ਸ਼ਹਿਰ ਲਈ ਨੁਕਸਾਨਦੇਹ ਦੱਸਿਆ ਅਤੇ ਕਿਹਾ ਕਿ ਇਸ ਗੱਲ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿ ਆਖ਼ਿਰ ‘ਆਪ’ ਸਰਕਾਰ ਦੇ ਰਾਜ ਵਿੱਚ ਹੁਣ ਤੱਕ 18 ਈਓ ਕਿਉਂ ਬਦਲੇ ਗਏ, ਜਦਕਿ ਕਾਂਗਰਸ ਸਰਕਾਰ ਵੇਲੇ ਪੰਜ ਸਾਲਾਂ ਵਿੱਚ ਸਿਰਫ਼ ਦੋ ਈਓ ਹੀ ਸੇਵਾਵਾਂ ਨਿਭਾ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਗ਼ਲਤ ਕੰਮਾਂ ਵਿੱਚ ਸਾਥ ਨਾ ਦੇਣ ਕਾਰਨ ਹੀ ਈਓ ਬਦਲਿਆ ਜਾਂਦਾ ਹੈ, ਜਿਸ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਹੋਰ ਕੰਮ ਪ੍ਰਭਾਵਿਤ ਹੋ ਰਹੇ ਹਨ।

Written By
The Punjab Wire