ਪੰਚਾਇਤ ਸੈਕਟਰੀ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਦੀ ਮਾਰੀ ਠੱਗੀ, 2 ਭਰਾ ਨਾਮਜ਼ਦ

ਗੁਰਦਾਸਪੁਰ, 5 ਮਾਰਚ 2025 (ਦੀ ਪੰਜਾਬ ਵਾਇਰ)— ਪੰਚਾਇਤ ਸੈਕਟਰੀ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੇ 2 ਭਰਾਵਾਂ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਫਿਲਹਾਲ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਇਹ ਮਾਮਲਾ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਗੁਰਦਾਸਪੁਰ ਵੱਲੋਂ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਪੀੜਤ ਸ਼ਿਕਾਇਕਰਤਾ ਹਰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਫੱਤੂ ਬਰਕਤ ਦੇ ਬਿਆਨਾਂ ਦੇ ਆਧਾਰ ਤੇ ਕੀਤਾ ਗਿਆ ਹੈ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਸਾਲ 2017 ਵਿੱਚ ਉਸਦੇ ਲੜਕੇ ਨੂੰ ਪੰਚਾਇਤ ਸੈਕਟਰੀ ਦੀ ਨੌਕਰੀ ਲਗਵਾਉਣ ਲਈ ਮੁਲਜ਼ਮ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ ਪੁੱਤਰਾਂਨ ਨਿਸ਼ਾਨ ਸਿੰਘ ਵਾਸੀਆਂਨ ਪਿੰਡ ਪਸਵਾਲ ਨੇ 30 ਲੱਖ ਰੁਪਏ ਲਏ ਸਨ, ਪਰ ਨਾ ਉਸਦੇ ਮੁੰਡੇ ਨੂੰ ਨੌਕਰੀ ਤੇ ਲਗਾਇਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕੀਤੇ ਜਾ ਰਹੇ ਹਨ। ਜਦੋਂ ਵੀ ਉਹ ਪੈਸੇ ਵਾਪਿਸ ਮੰਗਦਾ ਤਾਂ ਉਸ ਨੂੰ ਧਮਕੀਆ ਦਿੱਤੀਆ ਗਈਆਂ।