31 ਮਾਰਚ ਤੱਕ ਰਾਸ਼ਨ ਕਾਰਡ ਦੀ ਈ-ਕੇ.ਵਾਈ.ਸੀ. ਕਰਵਾਉਣੀ ਜ਼ਰੂਰੀ, ਨਹੀਂ ਤਾਂ ਬੰਦ ਹੋ ਸਕਦੈ ਰਾਸ਼ਨ

ਜ਼ਿਲ੍ਹਾ ਗੁਰਦਾਸਪੁਰ ਦੇ ਰਾਸ਼ਨ ਕਾਰਡ ਧਾਰਕ 31 ਮਾਰਚ ਤੋਂ ਪਹਿਲਾਂ ਆਪਣੀ ਈ-ਕੇ.ਵਾਈ.ਸੀ. ਜ਼ਰੂਰ ਮੁਕੰਮਲ ਕਰਵਾ ਲੈਣ – ਡੀ.ਐੱਫ.ਐੱਸ.ਸੀ.
ਗੁਰਦਾਸਪੁਰ, 25 ਮਾਰਚ 2025 (ਦੀ ਪੰਜਾਬ ਵਾਇਰ)– ਖ਼ੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ, ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ-2013 ਤਹਿਤ ਰਾਸ਼ਨ ਦਾ ਲਾਭ ਲੈ ਰਹੇ ਲਾਭਪਾਤਰੀਆਂ ਦੀ 31 ਮਾਰਚ 2025 ਤੱਕ ਸੌ ਫ਼ੀਸਦੀ ਈ-ਕੇ.ਵਾਈ.ਸੀ. ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸੁਖਜਿੰਦਰ ਸਿੰਘ, ਜ਼ਿਲ੍ਹਾ ਕੰਟਰੋਲਰ ਖ਼ੁਰਾਕ ਅਤੇ ਸਪਲਾਈਜ਼ ਕੰਟਰੋਲਰ ਗੁਰਦਾਸਪੁਰ ਨੇ ਦੱਸਿਆ ਹੈ ਕਿ ਇਸ ਸਬੰਧ ਵਿੱਚ ਪੰਜਾਬ ਰਾਜ ਵਿੱਚ ਪਿਛਲੇ ਲਗਭਗ ਇੱਕ ਸਾਲ ਤੋਂ ਲਾਭਪਾਤਰੀਆਂ ਦੀ ਡਿਪੂ ਹੋਲਡਰਾਂ ਵੱਲੋਂ ਈ-ਪੋਸ਼ ਮਸ਼ੀਨਾਂ ਤੇ ਲਾਭਪਾਤਰੀ ਦੇ ਫਿੰਗਰ ਪ੍ਰਿੰਟ ਲੈ ਕੇ ਈ-ਕੇ.ਵਾਈ.ਸੀ. ਕੀਤੀ ਜਾ ਰਹੀ ਹੈ, ਪ੍ਰੰਤੂ ਅਜੇ ਤੱਕ ਵੀ ਬਹੁਤ ਸਾਰੇ ਲਾਭਪਾਤਰੀਆਂ ਵੱਲੋਂ ਆਪਣੀ ਈ-ਕੇ.ਵਾਈ.ਸੀ. ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੇ ਲਾਭਪਾਤਰੀ 31 ਮਾਰਚ 2025 ਤੱਕ ਆਪਣੀ ਈ-ਕੇ.ਵਾਈ.ਸੀ ਨਹੀਂ ਕਰਵਾਉਂਦੇ, ਉਨ੍ਹਾਂ ਦਾ ਰਾਸ਼ਨ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਲਈ ਸਾਰੇ ਲਾਭਪਾਤਰੀ 31 ਮਾਰਚ 2025 ਤੋਂ ਪਹਿਲਾਂ-ਪਹਿਲਾਂ ਆਪਣੇ ਨੇੜੇ ਦੇ ਕਿਸੇ ਵੀ ਰਾਸ਼ਨ ਡਿਪੂ ‘ਤੇ ਆਪਣਾ ਅਧਾਰ ਕਾਰਡ ਨਾਲ ਲੈ ਕੇ ਈ-ਪੋਸ਼ ਮਸ਼ੀਨ ਤੇ ਫਿੰਗਰ ਪ੍ਰਿੰਟ ਲਗਾ ਕੇ ਆਪਣੀ ਈ-ਕੇ.ਵਾਈ.ਸੀ. ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਰਾਸ਼ਨ ਲੈਣ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ।
ਡੀ.ਐੱਫ.ਐੱਸ.ਸੀ. ਸੁਖਜਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਸਾਰੇ ਸਹਾਇਕ ਖ਼ੁਰਾਕ ਅਤੇ ਸਪਲਾਈਜ਼ ਅਫ਼ਸਰਾਂ ਅਤੇ ਖੇਤਰੀ ਅਮਲੇ ਨੂੰ ਮੀਟਿੰਗ ਕਰਕੇ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਪਣੇ-ਆਪਣੇ ਏਰੀਏ ਦੇ ਰਾਜਨੀਤਿਕ ਅਤੇ ਮੁਹਤਬਰ ਲੋਕਾਂ, ਪਿੰਡਾਂ ਦੇ ਸਰਪੰਚਾਂ, ਕੌਂਸਲਰਾਂ ਆਦਿ ਨੂੰ ਇਸ ਸਬੰਧੀ ਜਗਰੂਕ ਕਰਦੇ ਹੋਏ ਲਾਭਪਾਤਰੀਆਂ ਦੀ ਸਤ ਫ਼ੀਸਦੀ ਈ-ਕੇ.ਵਾਈ.ਸੀ. ਕਰਵਾਉਣੀ ਯਕੀਨੀ ਬਣਾਈ ਜਾਵੇ।