ਪੰਜਾਬ ਸਰਕਾਰ ਨੇ ਸੈਨਿਕ ਸਕੂਲ ਸੋਸਾਇਟੀ ਨਵੀਂ ਦਿੱਲੀ ਨਾਲ (MOA) ਲਈ ਮਨਜ਼ੂਰੀ ਦਿੱਤੀ, ਵਿਧਾਨਸਭਾ ਅੰਦਰ ਦਿੱਤਾ ਗਿਆ ਜਵਾਬ
ਗੁਰਦਾਸਪੁਰ, 24 ਮਾਰਚ 2025 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਲੋਕਾਂ ਲਈ ਇਹ ਇੱਕ ਵੱਡੀ ਖ਼ਬਰ ਹੈ! ਗੁਰਦਾਸਪੁਰ ਨੂੰ ਸੈਨਿਕ ਸਕੂਲ ਖੋਲਣ ਲਈ ਲੰਬੇ ਸਮੇਂ ਤੋਂ ਚੱਲ ਰਹੀ ਉਡੀਕ ਹੁਣ ਲਗਭਗ ਖਤਮ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਸੈਨਿਕ ਸਕੂਲ ਲਈ ਰਾਹ ਖੋਲਦੇ ਹੋਏ ਸੈਨਿਕ ਸਕੂਲ ਸੋਸਾਇਟੀ, ਨਵੀਂ ਦਿੱਲੀ ਨਾਲ ਮਹੱਤਵਪੂਰਨ ਮੈਮੋਰੈਂਡਮ ਆਫ ਐਗਰੀਮੈਂਟ (MOA) ਲਈ ਮਨਜ਼ੂਰੀ ਦੇ ਦਿੱਤੀ ਹੈ।ਹੁਣ ਨਵੀਂ ਦਿੱਲੀ ਵੱਲੋਂ MOA ਹੋਣ ਉਪਰੰਤ ਸਕੂਲ ਖੋਲਣ ਲਈ ਪ੍ਰਕਿਰਿਆ ਅਰੰਭ ਹੋ ਜਾਵੇਗੀ।
ਇਹ ਜਵਾਬ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਵੱਲੋਂ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਪਾਹੜਾ ਵੱਲੋਂ ਬਿਨ੍ਹਾਂ ਨਿਸ਼ਾਨ ਵਾਲੇ ਪੁੱਛੇ ਗਏ ਸੁਆਲ ‘ਤੇ ਵਿਧਾਨਸਭਾ ਅੰਦਰ ਦਿੱਤਾ ਗਿਆ।
ਮੰਤਰੀ ਮਹਿੰਦਰ ਭਗਤ ਨੇ ਆਪਣੇ ਜੁਆਬ ਅੰਦਰ ਦੱਸਿਆ ਕਿ ਸੈਨਿਕ ਸਕੂਲ ਗੁਰਦਾਸਪੁਰ ਵੱਖੇ ਖੋਲਣ ਲਈ ਸੈਨਿਕ ਸਕੂਲ ਸੋਸਾਇਟੀ ਨਵੀਂ ਦਿੱਲੀ ਵੱਲੋਂ 3 ਜੁਲਾਈ 2018 ਨੂੰ ਇਹ ਕਿਹ ਕੇ ਪ੍ਰਵਾਨਗੀ ਦੇਣ ਤੋਂ ਇੰਨਕਾਰ ਕਰ ਦਿੱਤਾ ਗਿਆ ਸੀ ਕਿ ਜਦੋ ਤੱਕ ਪਹਿਲ੍ਹਾ ਤੋਂ ਮਜੂਦ ਸੈਨਿਕ ਸਕੂਲ ਕਪੂਰਥਲਾ ਲਈ ਪੰਜਾਬ ਸਰਕਾਰ ਅਤੇ ਸੈਨਿਕ ਸਕੂਲ ਸੋਸਾਇਟੀ ਮਨਿਸਟਰੀ ਆਫ ਡਿਫੈਂਸ, ਨਵੀਂ ਦਿੱਲੀ ਵਿਚਕਾਰ ਮੈਮੋਰੰਡਮ ਆਫ ਐਗਰੀਮੈਂਟ (MOA) ਨਹੀਂ ਹੋ ਜਾਂਦਾ ਉਦੋਂ ਤੱਕ ਸੈਨਿਕ ਸਕੂਲ ਗੁਰਦਾਸਪੁਰ ਵਿਖੇ ਖੋਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਨੇ ਮੈਮੋਰੰਡਮ ਆਫ਼ ਐਗਰੀਮੈਂਟ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਸਬੰਧੀ ਸੈਨਿਕ ਸਕੂਲ ਸੋਸਾਇਟੀ ਨਵੀਂ ਦਿੱਲੀ ਨਾਲ ਕਾਰਵਾਈ ਜਾਰੀ ਹੈ। MOA ਹੋਣ ਉਪਰੰਤ ਸੈਨਿਕ ਸਕੂਲ ਗੁਰਦਾਸਪੁਰ ਵਿਖੇ ਖੋਲਣ ਲਈ ਪ੍ਰਕਿਰਿਆ ਅਰੰਭ ਕਰ ਦਿੱਤੀ ਜਾਵੇਗੀ।
ਇੱਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲ੍ਹਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਗੁਰਦਾਸਪੁਰ ਤੋਂ ਹਲਕਾ ਇੰਚਾਰਜ ਰਮਨ ਬਹਿਲ, ਆਮ ਆਮਦੀ ਪਾਰਟੀ ਦੇ ਸਕੱਤਰ ਅਤੇ ਜਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਵੀ ਮੰਤਰੀ ਅਤੇ ਮੁੱਖ ਮੰਤਰੀ ਨਾਲ ਬੈਠਕਾਂ ਕਰ ਇਸ ਪ੍ਰੋਜੈਕਟ ਲਈ ਜੋਰ ਦੇ ਚੁੱਕੇ ਹਨ।