ਗੁਰਦਾਸਪੁਰ, 22 ਮਾਰਚ 2025 ( ਦੀ ਪੰਜਾਬ ਵਾਇਰ) । ਸ੍ਰੀ ਆਦਿੱਤਯ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਵੱਲੋਂ ਅੱਜ ਪੁਲਿਸ ਸਟੇਸ਼ਨ ਤਿੱਬੜ ਅਤੇ ਸਦਰ ਗੁਰਦਾਸਪੁਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਥਾਣੇ ਦਾ ਰਿਕਾਰਡ ਚੈੱਕ ਕਰਨ ਦੇ ਨਾਲ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਜੋ ਠੀਕ ਪਾਈ ਗਈ। ਇਸ ਮੌਕੇ ਉਨ੍ਹਾਂ ਨੇ ਥਾਣੇ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਸਬੰਧੀ ਬਰੀਫ ਕੀਤਾ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਉੱਚ ਦਫ਼ਤਰ ਵੱਲੋਂ ਪ੍ਰਾਪਤ ਹਦਾਇਤਾਂ ਤੋਂ ਜਾਣੂ ਕਰਵਾਇਆ।
ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਿਯ ਨੇ ਕਿਹਾ ਪੁਲਿਸ ਤੇ ਲੋਕਾਂ ਦੀ ਸਾਂਝ ਨੂੰ ਹੋਰ ਪੱਕਿਆਂ ਕੀਤਾ ਜਾਵੇ ਅਤੇ ਲੋਕਾਂ ਨਾਲ ਵੱਧ ਤੋਂ ਵੱਧ ਤਾਲਮੇਲ ਕਰਕੇ ਕਰਕੇ ਮਾੜੇ ਅਨਸਰਾਂ ਸਬੰਧੀ ਵੱਧ ਤੋਂ ਵੱਧ ਸੂਚਨਾ ਹਾਸਿਲ ਕੀਤੀ ਜਾਵੇ। ਉਨ੍ਹਾਂ ਮੁੱਖ ਅਫ਼ਸਰ ਥਾਣਾ ਅਤੇ ਤਫ਼ਤੀਸ਼ੀ ਅਫ਼ਸਰਾਂ ਨੂੰ ਜੇਰੇ ਤਫ਼ਤੀਸ਼ ਮੁਕੱਦਮਿਆਂ ਦੀ ਤਫ਼ਤੀਸ਼ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਥਾਣਾ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਪਬਲਿਕ ਦੀਆਂ ਸ਼ਿਕਾਇਤ ਦਾ ਨਿਪਟਾਰਾ, ਪੀ.ਓਜ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਸਬੰਧੀ ਹਦਾਇਤ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਜੋ ਵੀ ਵਿਅਕਤੀ ਆਪਣੀ ਮੁਸ਼ਕਲ ਲੈ ਕੇ ਆਉਂਦਾ ਹੈ ਉਸ ਨੂੰ ਪੂਰੇ ਗ਼ੌਰ ਨਾਲ ਸੁਣ ਕੇ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।