ਵਿਦੇਸ਼ ਭੇਜਣ ਦੇ ਨਾਮ ਤੇ 61.44 ਲੱਖ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ 7 ਏਜੰਟਾਂ ਖਿਲਾਫ ਮਾਮਲਾ ਦਰਜ਼

ਗੁਰਦਾਸਪੁਰ, 17 ਮਾਰਚ 2025 (ਦੀ ਪੰਜਾਬ ਵਾਇਰ)— ਪੁਲਿਸ ਜਿਲ੍ਹਾਂ ਗੁਰਦਾਸਪੁਰ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਵੱਖ-ਵੱਖ ਲੋਕਾਂ ਨਾਲ 61.44 ਲੱਖ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ 7 ਏਜੰਟਾ ਖਿਲਾਫ ਮਾਮਲਾ ਦਰਜ ਕੀਤਾ ਹੈ। ਫਿਲਹਾਲ ਅਜੇ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਜੀਤ ਕੌਰ ਪਤਨੀ ਵੱਸਣ ਸਿੰਘ ਵਾਸੀ ਜਗਤਪੁਰ ਕਲਾਂ ਨੇ ਦੱਸਿਆ ਕਿ ਉਸਨੂੰ ਵਿਦੇਸ ਕਨੇਡਾ ਭੇਜਣ ਲਈ 4 ਲੱਖ ਰੁਪਏ ਲਏ ਸਨ। ਮੁਲਜ਼ਮ ਏਜੰਟ ਤੇਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਕਬੂਲਪੁਰ ਜਿਲਾ ਅਮ੍ਰਿਤਸਰ ਨੇ ਉਸਨੂੰ ਵਿਦੇਸ਼ ਕਨੇਡਾ ਨਹੀ ਭੇਜਿਆ ਅਤੇ ਉਸ ਨਾਲ ਰਾਜੀਨਾਮਾ ਕਰਕੇ ਉਸਨੂੰ ਦੋ ਚੈਕ ਦਿਤੇ ਸਨ ਜੋ ਇੱਕ ਚੈਕ 50 ਹਜਾਰ ਰੁਪਏ ਅਤੇ ਦੂਸਰਾ ਚੈਕ 3 ਲੱਖ 20 ਹਜਾਰ ਰੁਪਏ ਦਾ ਸੀ, ਜਦੋਂ ਉਸਨੇ 3 ਲੱਖ 20 ਹਜਾਰ ਰੁਪਏ ਵਾਲਾ ਚੈਕ ਬੈਂਕ ਵਿੱਚ ਲਗਾਇਆ ਤਾਂ ਮੁਲਜ਼ਮ ਦੇ ਅਕਾਂਊਟ ਵਿੱਚ ਪੈਸੇ ਨਾ ਹੋਣ ਕਰੇ ਚੈਕ ਬੌਗਸ ਹੋ ਗਿਆ ਹੈ। ਇਸੇ ਤਰ੍ਹਾਂ ਸਰਬਜੀਤ ਸਿੰਘ ਵਾਸੀ ਬਹਾਦਰ ਨੇ ਦੱਸਿਆ ਕਿ ਮੁਲਜ਼ਮ ਪਲਵਿੰਦਰ ਸਿੰਘ ਪੁੱਤਰ ਮਾਹਨ ਸਿੰਘ, ਨਰਿੰਦਰ ਕੌਰ ਪਤਨੀ ਪਲਵਿੰਦਰ ਸਿੰਘ ਵਾਸੀਆਨ ਚਾਵਾ ਅਤੇ ਅਮਨਦੀਪ ਕੌਰ ਪਤਨੀ ਮਹੇਸ਼ ਕੁਮਾਰ ਵਾਸੀ ਝੰਡੇਚੱਕ.ਭੁਪਿੰਦਰ ਸਿੰਘ ਪੁੱਤਰ ਜਗਦੀਸ ਸਿੰਘ ਵਾਸੀ ਠੱਡੀ ਖੂਹੀ ਪਠਾਨਕੋਟ ਨੇ ਉਸ ਨੂੰ ਵਿਦੇਸ ਭੇਜਣ ਦੇ ਨਾਮ ਤੇ 49 ਲੱਖ 4 ਹਜਾਰ ਰੁਪਏ ਦੀ ਠੱਗੀ ਮਾਰੀ ਹੈ।
ਥਾਣਾ ਧਾਰੀਵਾਲ ਦਿੱਤੀ ਸ਼ਿਕਾਇਤ ਵਿੱਚ ਰੋਬਿਨ ਮਸੀਹ ਵਾਸੀ ਮੁਹੱਲਾ ਪ੍ਰੇਮਨਗਰ ਗੁਰਦਾਸਪੁਰ ਨੇ ਦੱਸਿਆ ਕਿ ਮੁਲਜ਼ਮ ਇਕਬਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲੇਹਲ ਥਾਣਾ ਧਾਰੀਵਾਲ ਅਤੇ ਸਤਨਾਮ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮੋਗਾ ਨੇ ਮਿਲੀ ਭੁਗਤ ਨਾਲ ਦਰਖਾਸਤ ਕਰਤਾ ਦੇ ਲੜਕੇ ਅਮਨਦੀਪ ਗਿੱਲ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ, ਅਮਿਤ ਕੁਮਾਰ ਪੁੱਤਰ ਰੋਬਨਿ ਮਸੀਹ ਵਾਸੀ ਹਰਦੋਛੰਨੀ ਰੋਡ ਗੁਰਦਾਸਪੁਰ, ਅਤੇ ਜੈਕਬ ਵਾਸੀ ਬਖਤਪੁਰ ਹਾਲ ਛੋਟਾ ਮੀਰਪੁਰ ਗੁਰਦਾਸਪੁਰ ਨੂੰ ਵਿਦੇਸ ਭੇਜਣ ਦੇ ਨਾਮ ਤੇ ਫਸਲਾ ਕੇ ਆਪਣੇ ਜਾਲ ਵਿੱਚ ਫਸਾ ਕੇ 8 ਲੱਖ 40 ਹਜਾਰ ਰੁਪਏ ਲੈ ਕੇ ਟੂਰਿਸਟ ਵੀਜੇ ਤੇ ਅਰਮੀਨੀਆਂ ਦੇਸ ਵਿੱਚ ਭੇਜ ਦਿੱਤਾ ਅਤੇ ਉਥੇ ਕੰਮ ਨਹੀ ਦਿਵਾਇਆ ਜਿਸ ਕਰਕੇ ਉੱਕਤ ਵਿਅਕਤੀ ਖੱਜਲ ਖੁਆਰ ਹੋ ਕੇ ਵਾਪਿਸ ਇੰਡੀਆ ਆ ਗਿਆ ਹੈ।