ਗੁਰਦਾਸਪੁਰ ਪੰਜਾਬ

ਚੇਅਰਮੈਨ ਰਮਨ ਬਹਿਲ ਨੇ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦੀ ਮੁਰੰਮਤ ਤੇ ਨਵੀਨੀਕਰਨ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ

ਚੇਅਰਮੈਨ ਰਮਨ ਬਹਿਲ ਨੇ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦੀ ਮੁਰੰਮਤ ਤੇ ਨਵੀਨੀਕਰਨ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
  • PublishedMarch 8, 2025

ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਨਵੇਂ ਫੈਸਲੀਟੇਸ਼ਨ ਸੈਂਟਰ ਦਾ ਵੀ ਰੱਖਿਆ ਨੀਂਹ ਪੱਥਰ

ਬੀਤੇ ਤਿੰਨ ਸਾਲਾਂ ਵਿੱਚ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਮਿਆਰੀ ਸਿਹਤ ਸੇਵਾਵਾਂ ਲਈ 31.16 ਕਰੋੜ ਰੁਪਏ ਦੇ ਪ੍ਰੋਜੈਕਟ ਲਿਆਂਦੇ – ਰਮਨ ਬਹਿਲ

ਗੁਰਦਾਸਪੁਰ, 08 ਮਾਰਚ 2025 (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦੀ ਮੁਰੰਮਤ ਤੇ ਨਵੀਨੀਕਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਗਈ। ਇਸਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਹਸਪਤਾਲ ਵਿੱਚ ਅਤੇ ਨਵੇਂ ਬਣਨ ਵਾਲੇ ਫੈਸਲੀਟੇਸ਼ਨ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਦੋਵਾਂ ਪ੍ਰੋਜੈਕਟਾਂ ਉੱਪਰ ਪੰਜਾਬ ਸਰਕਾਰ ਵੱਲੋਂ 2.03 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।

ਜ਼ਿਲ੍ਹਾ ਹਸਪਤਾਲ ਦੀ ਮੁਰੰਮਤ ਤੇ ਨਵੀਨੀਕਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਅਤੇ ਨਵੇਂ ਫੈਸਲੀਟੇਸ਼ਨ ਸੈਂਟਰ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਿਦਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦੇ ਬੁਨਿਆਦੀ ਢਾਂਚੇ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦੀ ਮੁਰੰਮਤ ਤੇ ਨਵੀਨੀਕਰਨ ਉੱਪਰ 1.27 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਦਕਿ ਨਵਾਂ ਫੈਸਲੀਟੇਸ਼ਨ ਸੈਂਟਰ ਬਣਾਉਣ ਲਈ 76.16 ਲੱਖ ਰੁਪਏ ਦੀ ਲਾਗਤ ਆਵੇਗੀ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸੂਬੇ ਵਿੱਚ ਸਿਹਤ ਕ੍ਰਾਂਤੀ ਤਹਿਤ ਸਰਕਾਰੀ ਹਸਪਤਾਲਾਂ ਤੇ ਸਿਹਤ ਸੰਸਥਾਵਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਤਿੰਨ ਸਾਲਾਂ ਵਿੱਚ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਵਿੱਚ 31.16 ਕਰੋੜ ਰੁਪਏ ਮਨਜ਼ੂਰ ਕਰਵਾਏ ਹਨ ਜੋ ਵੱਖ-ਵੱਖ ਪ੍ਰੋਜੈਕਟਾਂ ਉੱਪਰ ਖਰਚ ਕੀਤੇ ਜਾ ਰਹੇ ਹਨ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ 31.16 ਕਰੋੜ ਰੁਪਏ ਦੇ ਪ੍ਰੋਜੈਕਟਾਂ ਵਿੱਚੋਂ ਮੁੱਖ ਤੌਰ `ਤੇ 50 ਬੈੱਡਡ ਅਰਬਨ ਕਮਿਊਨਿਟੀ ਸੈਂਟਰ (ਪੁਰਾਣਾ ਸਿਵਲ ਹਸਪਤਾਲ) ਗੁਰਦਾਸਪੁਰ ਦੀ ਇਮਾਰਤ ਉੱਪਰ 8.9 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਨੂੰ ਅਪਗਰੇਡ ਕਰਨ ਉੱਪਰ 2.38 ਕਰੋੜ ਰੁਪਏ, ਜ਼ਿਲ੍ਹਾ ਹਸਪਤਾਲ ਵਿੱਚ ਡੀ.ਈ.ਆਈ.ਸੀ. ਦੀ ਇਮਾਰਤ ਉੱਪਰ 1.19 ਕਰੋੜ ਰੁਪਏ, ਫੂਡ ਐਂਡ ਡਰੱਗ ਪ੍ਰਬੰਧਕੀ ਦਫ਼ਤਰ ਦੀ ਉਸਾਰੀ ਉੱਪਰ 74.15 ਲੱਖ ਰੁਪਏ, ਜ਼ਿਲ੍ਹਾ ਹਸਪਤਾਲ ਵਿੱਚ ਪੇਸ਼ੈਂਟ ਫੈਸਲਿਟੀ ਸੈਂਟਰ ਦੀ ਉਸਾਰੀ ਉੱਪਰ 76.16 ਲੱਖ ਰੁਪਏ, ਜ਼ਿਲ੍ਹਾ ਹਸਪਤਾਲ ਵਿੱਚ ਕੰਟੀਨ ਅਤੇ ਪਾਰਕਿੰਗ ਬਣਾਉਣ ਉੱਪਰ 1.27 ਕਰੋੜ ਰੁਪਏ, ਜ਼ਿਲ੍ਹਾ ਹਸਪਤਾਲ ਵਿੱਚ ਜੀ.ਐੱਨ.ਐੱਮ. ਹੋਸਟਲ ਦੀ ਉਸਾਰੀ ਦੇ ਬਕਾਇਆ ਕੰਮਾਂ ਉੱਪਰ 2.15 ਕਰੋੜ ਰੁਪਏ, ਜ਼ਿਲ੍ਹਾ ਹਸਪਤਾਲ ਵਿੱਚ ਇੰਟੈਗਰੇਟਿਡ ਪਬਲਿਕ ਹੈਲਥ ਲੈਬੋਰੇਸ਼ਨ (ਪੀ.ਐੱਚ.ਐੱਲ) ਦੀ ਉਸਾਰੀ ਉੱਪਰ 95 ਲੱਖ ਰੁਪਏ, ਜ਼ਿਲ੍ਹਾ ਹਸਪਤਾਲ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਨੂੰ ਸਥਾਪਿਤ ਕਰਨ ਲਈ 13.15 ਕਰੋੜ ਰੁਪਏ, ਜ਼ਿਲ੍ਹਾ ਹਸਪਤਾਲ ਵਿੱਚ ਪੇਟਿੰਗ ਅਤੇ ਲਾਈਟਿੰਗ ਉੱਪਰ 18 ਲੱਖ ਰੁਪਏ, ਜ਼ਿਲ੍ਹਾ ਹਸਪਤਾਲ ਵਿੱਚ ਅਲਟਰਾਸਾਊਂਡ ਮਸ਼ੀਨ ਉੱਪਰ 25 ਲੱਖ ਰੁਪਏ ਅਤੇ ਓਪਰੇਸ਼ਨ ਥੀਏਟਰ ਵਿੱਚ ਲਾਈਟਾਂ ਲਗਾਉਣ ਉੱਪਰ 5 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਭਲਾਈ ਲਈ ਉਠਾਈ ਗਈ ਹਰ ਮੰਗ ਨੂੰ ਸੂਬਾ ਸਰਕਾਰ ਨੇ ਪੂਰਾ ਕੀਤਾ ਹੈ ਜਿਸ ਲਈ ਉਹ ਰਾਜ ਸਰਕਾਰ ਦੇ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਸਿਹਤ ਕ੍ਰਾਂਤੀ ਤਹਿਤ ਵੱਡੇ ਸੁਧਾਰ ਜਾਰੀ ਹਨ ਅਤੇ ਸਿਹਤ ਸੇਵਾਵਾਂ ਦੇ ਪੱਖ ਤੋਂ ਗੁਰਦਾਸਪੁਰ ਨੂੰ ਮੋਹਰੀ ਬਣਾਇਆ ਜਾਵੇਗਾ।

ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਮਹਾਜਨ, ਐੱਸ.ਐੱਮ.ਓ. ਡਾ. ਅਰਵਿੰਦ ਮਹਾਜਨ, ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾਂ, ਸਾਬਕਾ ਚੇਅਰਮੈਨ ਨੀਰਜ ਸਲਹੋਤਰਾ, ਸੁੱਚਾ ਸਿੰਘ ਮੁਲਤਾਨੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Written By
The Punjab Wire