ਚੰਡੀਗੜ੍ਹ, 24 ਫ਼ਰਵਰੀ 2025 (ਦੀ ਪੰਜਾਬ ਵਾਇਰ)– ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ‘ਚ ਵੱਡੇ ਪੱਧਰ ‘ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ‘ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਚੁੱਪੀ ‘ਤੇ ਤਿੱਖੀ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਮੈਂ ਸੂਬੇ ‘ਚ ਗੈਰ-ਕਾਨੂੰਨੀ ਮਾਈਨਿੰਗ ਦੇ ਵੱਧ ਰਹੇ ਮਾਮਲਿਆਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਮੈਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਬੰਧਿਤ ਮੰਤਰੀ ਨੂੰ ਪੁੱਛਿਆ ਕਿ ਕੀ ਸਰਕਾਰ ਨਾਜਾਇਜ਼ ਮਾਈਨਿੰਗ ਦੇ ਮਾਮਲਿਆਂ ਦੀ ਜਾਂਚ ਕਰਵਾਉਣ ਲਈ ਗੰਭੀਰ ਹੈ। ਉਹ ਜਵਾਬ ਦੇਣ ਤੋਂ ਝਿਜਕਦੇ ਰਹੇ ਅਤੇ ਇਹ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਉਨ੍ਹਾਂ ਦੇ ਮਾੜੇ ਇਰਾਦੇ ਨੂੰ ਦਰਸਾਉਂਦਾ ਹੈ।
ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮਾਈਨਿੰਗ ਤੋਂ ਸਾਲਾਨਾ 20,000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਮੁੱਖ ਚੋਣ ਵਾਅਦਾ ਕੀਤਾ ਸੀ। ਔਸਤਨ, ਸਰਕਾਰ ਮਾਈਨਿੰਗ ਤੋਂ ਸਾਲਾਨਾ ਸਿਰਫ਼ 288 ਕਰੋੜ ਰੁਪਏ ਦੀ ਕਮਾਈ ਕਰਨ ਵਿੱਚ ਸਫਲ ਰਹੀ ਹੈ, ਜੋ ਤਿੰਨ ਸਾਲਾਂ ਵਿੱਚ 900 ਕਰੋੜ ਰੁਪਏ ਤੋਂ ਵੀ ਘੱਟ ਹੈ। ਕੀ ਇਹ ਸਰਕਾਰ ਦੱਸ ਸਕਦੀ ਹੈ ਕਿ 59000 ਕਰੋੜ ਰੁਪਏ ਕਿੱਥੇ ਗਏ?
ਉਨ੍ਹਾਂ ਕਿਹਾ ਕਿ ਨਿਊ ਸਤਲੁਜ ਸਟੋਨ ਕਰੱਸ਼ਰ ਨਾਂ ਦੀ ਪੱਥਰ ਤੋੜਨ ਵਾਲੀ ਕੰਪਨੀ ਗੈਰ-ਕਾਨੂੰਨੀ ਮਾਈਨਿੰਗ ‘ਚ ਸ਼ਾਮਲ ਸੀ ਅਤੇ ਹਾਲ ਹੀ ‘ਚ ਇਸ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ‘ਆਪ’ ਦੇ ਇੱਕ ਸੀਨੀਅਰ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਹੈ। ਹਾਲਾਂਕਿ, ਸਰਕਾਰ ਇਸ ਮਾਮਲੇ ਦੀ ਜਾਂਚ ਕਰਨ ਵਿੱਚ ਅਸਫਲ ਰਹੀ ਹੈ। ਬਾਜਵਾ ਨੇ ਕਿਹਾ ਕਿ ਇਸ ਨੇ ਗੈਰ-ਕਾਨੂੰਨੀ ਮਾਈਨਿੰਗ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਦੀ ਵੀ ਅਣਦੇਖੀ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਦੁਹਰਾਇਆ ਕਿ ‘ਆਪ’ ਸਰਕਾਰ ਦੇ 32 ਵਿਧਾਇਕ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਕਾਂਗਰਸ ਦੇ ਸੰਪਰਕ ਵਿੱਚ ਹਨ। ਹਾਲਾਂਕਿ, ਇਹ ਉਨ੍ਹਾਂ ਦੇ ਨਾਮਾਂ ਦਾ ਖ਼ੁਲਾਸਾ ਕਰਨ ਦਾ ਸਹੀ ਸਮਾਂ ਨਹੀਂ ਹੈ। ਉਨ੍ਹਾਂ ਦੇ ਨਾਂ ਦਾ ਖ਼ੁਲਾਸਾ ਢੁਕਵੇਂ ਸਮੇਂ ‘ਤੇ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ‘ਚ ਪਹਿਲੀ ਵਾਰ ਸਰਕਾਰ ਨੇ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਨਹੀਂ ਬੁਲਾਇਆ। ਇਹ ਉਹੀ ਪਾਰਟੀ ਹੈ ਜਿਸ ਨੇ ਪੰਜਾਬ ਵਿਧਾਨ ਸਭਾ ਵਿੱਚ ਸਾਲਾਨਾ ਘੱਟੋ ਘੱਟ 120 ਮੀਟਿੰਗਾਂ ਬੁਲਾਉਣ ਦੀ ਹਮਾਇਤ ਕੀਤੀ ਸੀ। ‘ਆਪ’ ਸਰਕਾਰ ਵਿਰੋਧੀ ਧਿਰ ਦੇ ਅਸਲ ਸਵਾਲਾਂ ਤੋਂ ਭੱਜ ਰਹੀ ਹੈ। ਇਹੀ ਕਾਰਨ ਹੈ ਕਿ ਇਸ ਨੇ ਵਿਧਾਨ ਸਭਾ ਸੈਸ਼ਨਾਂ ਦੀਆਂ ਬੈਠਕਾਂ ਘਟਾ ਦਿੱਤੀਆਂ।