ਰਜਿਸਟਰੀਆਂ ਦਾ ਰਿਕਾਰਡ ਚੈੱਕ ਕਰਨ ਦੇ ਨਾਲ ਰਜਿਸਟਰੀ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ
ਤਹਿਸੀਲ ਦਫ਼ਤਰਾਂ ਵਿੱਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਅਤੇ ਖ਼ੱਜਲ-ਖ਼ੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਏ.ਡੀ.ਸੀ. ਡਾ. ਬੇਦੀ
ਗੁਰਦਾਸਪੁਰ, 24 ਫਰਵਰੀ 2025 (ਦੀ ਪੰਜਾਬ ਵਾਇਰ )। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਅੱਜ ਦੁਪਹਿਰ ਤਹਿਸੀਲ ਦਫ਼ਤਰ ਗੁਰਦਾਸਪੁਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਗੁਰਦਾਸਪੁਰ ਵੱਲੋਂ ਅੱਜ ਕੀਤੀਆਂ ਰਜਿਸਟਰੀਆਂ ਦਾ ਰਿਕਾਰਡ ਚੈੱਕ ਕੀਤਾ ਅਤੇ ਰਜਿਸਟਰੀ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਤਹਿਸੀਲ ਦਫ਼ਤਰਾਂ ਵਿੱਚ ਖ਼ੱਜਲ-ਖ਼ੁਆਰੀ ਦਾ ਬਿਲਕੁਲ ਵੀ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੇ ਕੰਮ ਨਿਯਮਾਂ ਅਨੁਸਾਰ ਅਤੇ ਭ੍ਰਿਸ਼ਟਾਚਾਰ ਰਹਿਤ ਪਹਿਲ ਦੇ ਅਧਾਰ ‘ਤੇ ਹੋਣ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਸਮੇਤ ਜ਼ਿਲ੍ਹੇ ਦੇ ਸਮੂਹ ਐੱਸ.ਡੀ.ਐੱਮ. ਵੱਲੋਂ ਵੀ ਆਪੋ-ਆਪਣੇ ਅਧੀਨ ਤਹਿਸੀਲ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਇਸ ਦੌਰਾਨ ਰਜਿਸਟਰੀਆਂ ਸਬੰਧੀ ਸਾਰਾ ਰਿਕਾਰਡ ਚੈੱਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰ ਗੁਰਦਾਸਪੁਰ ਵਿੱਚ ਅੱਜ ਦੁਪਹਿਰ ਤੱਕ 6 ਰਜਿਸਟਰੀਆਂ ਕੀਤੀਆਂ ਗਈਆਂ ਸਨ ਅਤੇ ਅੱਜ ਹੀ ਉਹ ਰਜਿਸਟਰੀਆਂ ਆਨ-ਲਾਈਨ ਅੱਪਲੋਡ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਰਜਿਸਟਰੀ ਕਰਵਾਉਣ ਆਏ ਲੋਕਾਂ ਨੇ ਆਪਣੀ ਤਸੱਲੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਰਜਿਸਟਰੀ ਬਿਨਾਂ ਕੋਈ ਰਿਸ਼ਵਤ ਦਿੱਤੇ ਸਮੇਂ ਸਿਰ ਹੋ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਤਹਿਸੀਲ ਦਫ਼ਤਰਾਂ ਵਿੱਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਜਾਂ ਖ਼ੱਜਲ-ਖ਼ੁਆਰੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਆਪਣਾ ਕੰਮ ਕਰਨ। ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਜਿਸਟਰੀ ਕਰਵਾਉਣ ਆਉਣ ਤੋਂ ਪਹਿਲਾਂ ਆਪਣੇ ਸਾਰੇ ਲੋੜੀਂਦੇ ਕਾਗ਼ਜ਼-ਪੱਤਰ ਪੂਰੇ ਕਰਕੇ ਆਉਣ ਅਤੇ ਜੇਕਰ ਇਸਦੇ ਬਾਵਜੂਦ ਵੀ ਦਫ਼ਤਰ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਜਾਣਬੁੱਝ ਕੇ ਖ਼ੱਜਲ਼-ਖ਼ੁਆਰ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਜਾਂ ਸਬੰਧਿਤ ਤਹਿਸੀਲ ਦੇ ਐੱਸ.ਡੀ.ਐੱਮ. ਨੂੰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖ਼ੱਜਲ਼-ਖ਼ੁਆਰ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਤਹਿਸੀਲ ਦਫ਼ਤਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਦਫ਼ਤਰ ਆਏ ਹਰ ਵਿਅਕਤੀ ਦੀ ਮੁਸ਼ਕਲ ਨੂੰ ਸੁਣ ਕੇ ਉਸ ਦਾ ਬਣਦਾ ਹੱਲ ਕਰਨ। ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ ਨੇ ਕਿਹਾ ਕਿ ਤਹਿਸੀਲ ਦਫ਼ਤਰਾਂ ਦੀ ਇਹ ਚੈਕਿੰਗ ਭਵਿੱਖ ਵਿੱਚ ਵੀ ਜਾਰੀ ਰਹੇਗੀ।