ਮੰਤਰੀ ਨੇ ਨਿਰਮਾਣ ਵਿੱਚ ਹੋ ਰਹੀ ਦੇਰੀ ਤੇ ਵਿਧਾਨ ਸਭਾ ਅੰਦਰ ਐਮ.ਐਲ.ਏ ਅਰੁਣਾ ਚੌਧਰੀ ਵੱਲੋਂ ਸਵਾਲ ਚੁੱਕਣ ਤੇ ਦਿੱਤਾ ਜਵਾਬ
ਗੁਰਦਾਸਪੁਰ, 24 ਫਰਵਰੀ 2025 (ਮੰਨਣ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਦੇ ਮਕੌੜਾ ਪੱਤਨ ‘ਤੇ ਬਨਣ ਵਾਲੇ ਹਾਈ ਲੈਵਲ ਬ੍ਰਿਜ ਦੇ ਨਿਰਮਾਣ ਕਾਰਜ ਨੂੰ 31 ਦਿਸੰਬਰ 2025 ਤੱਕ ਹਰ ਹਾਲ ਅੰਦਰ ਸ਼ੁਰੂ ਕਰਵਾ ਕੇ 2 ਸਾਲ ਦੇ ਅੰਦਰ ਅੰਦਰ ਪੂਰਾ ਕੀਤਾ ਜਾਵੇਗਾ। ਉਕਤ ਜਵਾਬ ਪੰਜਾਬ ਦੇ ਲੋਕ ਨਿਰਮਾਨ ਮੰਤਰੀ ਹਰਭਜਨ ਸਿੰਘ ਨੇ ਵਿਧਾਨ ਸਭਾ ਅੰਦਰ ਦਿੱਤੀ। ਸਵਾਲ ਦੀਨਾਨਗਰ ਹਲਕੇ ਤੋਂ ਕਾਂਗਰਸ ਦੀ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਇਸ ਪ੍ਰੋਜੈਕਟ ਵਿੱਚ ਹੁੰਦੀ ਦੇਰੀ ਤੇ ਪੁੱਛੇ ਗਏ ਸਨ। ਜਿਸਦੇ ਜਵਾਬ ਵਿੱਚ ਮੰਤਰੀ ਹਰਭਜਨ ਸਿੰਘ ਨੇ ਵਿਸਤਾਰ ਨਾਲ ਸਥਿਤੀ ਸਪੱਸ਼ਟ ਕੀਤੀ ਅਤੇ ਜਵਾਬ ਦਿੱਤਾ।
ਮੰਤਰੀ ਨੇ ਦੱਸਿਆ ਕਿ ਇਸ ਬ੍ਰਿਜ ਦਾ ਪ੍ਰੋਜੈਕਟ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ (MoRT&H) ਵੱਲੋਂ 18 ਅਗਸਤ 2021 ਨੂੰ ਮੰਜ਼ੂਰ ਕੀਤਾ ਗਿਆ ਸੀ, ਜਿਸਨੂੰ ਪੰਜਾਬ ਸਰਕਾਰ ਨੇ 5 ਅਪ੍ਰੈਲ 2022 ਨੂੰ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ। ਹਾਲਾਂਕਿ, ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਕਈ ਪ੍ਰੀ-ਕੰਮਾਂ ਦੀ ਪੂਰਤੀ ਜ਼ਰੂਰੀ ਹੈ, ਜਿਵੇਂ ਕਿ ਜ਼ਮੀਨ ਦਾ ਐਕਵੀਜ਼ੀਸ਼ਨ, ਵਨ ਕਲੀਅਰੈਂਸ, ਪੀ.ਐਸ.ਪੀ.ਸੀ.ਐਲ ਦੀਆਂ ਬਿਜਲੀ ਲਾਈਨਾਂ ਨੂੰ ਸ਼ਿਫਟ ਕਰਨਾ, ਪਾਣੀ ਸਰੋਤਾਂ ਸੰਬੰਧੀ ਮਨਜ਼ੂਰੀਆਂ, ਅਤੇ ਫੌਜੀ ਅਧਿਕਾਰੀਆਂ ਦੀ ਸਹਿਮਤੀ ਲੈਣਾ।
ਹਰਭਜਨ ਸਿੰਘ ਨੇ ਕਿਹਾ ਕਿ ਕੁਝ ਮਨਜ਼ੂਰੀਆਂ ਪਹਿਲਾਂ ਹੀ ਮਿਲ ਚੁੱਕੀਆਂ ਹਨ, ਜਦੋਂਕਿ ਬਾਕੀ ਦੀਆਂ ਇਜਾਜ਼ਤਾਂ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਾਰੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਬ੍ਰਿਜ ਦਾ ਕੰਮ ਹਰ ਹਾਲਤ ਅੰਦਰ 31 ਦਿਸੰਬਰ 2025 ਤੱਕ ਆਰੰਭ ਕਰ ਦਿੱਤਾ ਜਾਵੇਗਾ ਅਤੇ ਦੋ ਸਾਲ ਤੱਕ ਪੂਰਾ ਕਰ ਲਿਆ ਜਾਵੇਗਾ।
ਇਸ ਪ੍ਰੋਜੈਕਟ ਨੂੰ ਖੇਤਰ ਦੇ ਲੋਕਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਆਵਾਜਾਈ ਸੁਵਿਧਾਵਾਂ ਨੂੰ ਵਧਾਵੇਗਾ ਅਤੇ ਸਥਾਨਕ ਆਰਥਿਕਤਾ ਨੂੰ ਗਤੀ ਦੇਵੇਗਾ।