ਗੁਰਦਾਸਪੁਰ

ਗ੍ਰਾਮ ਪੰਚਾਇਤ ਮਸੀਤ ਤੇ ਬਾਬਾ ਸ੍ਰੀ ਚੰਦ ਯੂਥ ਕਲੱਬ ਨੇ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ

ਗ੍ਰਾਮ ਪੰਚਾਇਤ ਮਸੀਤ ਤੇ ਬਾਬਾ ਸ੍ਰੀ ਚੰਦ ਯੂਥ ਕਲੱਬ ਨੇ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ
  • PublishedFebruary 22, 2025

ਚੇਅਰਮੈਨ ਰਮਨ ਬਹਿਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ

ਚੇਅਰਮੈਨ ਰਮਨ ਬਹਿਲ ਨੇ ਪਿੰਡ ਮਸੀਤ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦਿੱਤੀ

ਭਗਵੰਤ ਮਾਨ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੂਲਿਤ ਕਰਨ ਲਈ ਕਰ ਰਹੀ ਹੈ ਵਿਸ਼ੇਸ਼ ਯਤਨ – ਰਮਨ ਬਹਿਲ

ਗੁਰਦਾਸਪੁਰ, 22 ਫਰਵਰੀ 2025 (ਦੀ ਪੰਜਾਬ ਵਾਇਰ)– – ਗ੍ਰਾਮ ਪੰਚਾਇਤ ਮਸੀਤ ਤੇ ਬਾਬਾ ਸ੍ਰੀ ਚੰਦ ਯੂਥ ਕਲੱਬ ਵੱਲੋਂ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਲੜਕਿਆਂ ਦੀਆਂ 16 ਟੀਮਾਂ ਨੇ ਭਾਗ ਲਿਆ। ਇਸ ਵਾਲੀਬਾਲ ਟੂਰਨਾਮੈਂਟ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਟੂਰਨਾਮੈਂਟ ਵਿੱਚ ਲੜਕੀਆਂ ਦਾ ਵਾਲੀਬਾਲ ਦਾ ਸ਼ੋਅ ਮੈਚ ਵੀ ਕਰਾਇਆ ਗਿਆ।

ਗ੍ਰਾਮ ਪੰਚਾਇਤ ਮਸੀਤ ਤੇ ਬਾਬਾ ਸ੍ਰੀ ਚੰਦ ਯੂਥ ਕਲੱਬ ਦੇ ਨੁਮਾਇੰਦਿਆਂ ਨੂੰ ਵਾਲੀਬਾਲ ਟੂਰਨਾਮੈਂਟ ਕਰਵਾਉਣ `ਤੇ ਵਧਾਈ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅਜਿਹੇ ਉਪਰਾਲੇ ਹੀ ਸੂਬੇ ਦੀ ਜਵਾਨੀ ਨੂੰ ਕੁਰਾਹੇ ਪੈਣ ਤੋਂ ਰੋਕ ਕੇ ਖੇਡਾਂ ਨਾਲ ਜੋੜਨ ਵਿੱਚ ਸਹਾਈ ਹੋਣਗੇ। ਇਸ ਮੌਕੇ ਉਨ੍ਹਾਂ ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਸਹਿਯੋਗ ਦੇਣ ਲਈ ਐੱਨ.ਆਰ.ਆਈ. ਭਰਾਵਾਂ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੂਲਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਹਰ ਸਾਲ ਬਲਾਕ ਪੱਧਰ ਤੋਂ ਰਾਜ ਪੱਧਰ ਤੱਕ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਂਕਰੀਆਂ ਵਿੱਚ ਖਿਡਾਰੀਆਂ ਲਈ ਵਿਸ਼ੇਸ਼ ਕੋਟਾ ਰਾਖਵਾਂ ਰੱਖਿਆ ਗਿਆ ਹੈ ਅਤੇ ਰਾਜ ਸਰਕਾਰ ਵੱਲੋਂ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਕਲਾਸ-ਏ ਦੀਆਂ ਨੌਂਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸਕੂਲ ਪੱਧਰ ਤੋਂ ਹੀ ਖੇਡਾਂ ਨੂੰ ਉਤਸ਼ਾਹਤ ਕਰ ਰਹੀ ਹੈ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪਿੰਡ ਮਸੀਤ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਭੇਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਵਿੱਤੀ ਵਰ੍ਹੇ ਤੋਂ ਪਿੰਡਾਂ ਲਈ ਵਿਸ਼ੇਸ਼ ਗਰਾਂਟਾਂ ਜਾਰੀ ਕੀਤੀਆਂ ਜਾਣਗੀਆਂ। ਇਸ ਮੌਕੇ ਪਿੰਡ ਮਸੀਤ ਦੇ ਸਰਪੰਚ ਤਰਸੇਮ ਪਾਲ, ਮੈਂਬਰ ਪੰਚਾਇਤ ਸੁਖਦੀਪ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ, ਪਵਨ ਕੁਮਾਰ, ਬਲਦੇਵ ਸਿੰਘ, ਡਾ. ਰਾਹੁਲ ਤੋਂ ਇਲਾਕੇ ਦੇ ਹੋਰ ਵੀ ਮੁਹਤਬਰ ਹਾਜ਼ਰ ਸਨ।

Written By
The Punjab Wire