ਰਾਜ ਸਰਕਾਰ ਵੱਲੋਂ ਡੀਪੋਰਟ ਹੋਏ ਨੌਜਵਾਨਾਂ ਦੇ ਪੁਨਰਵਾਸ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ – ਸੇਖਵਾਂ
ਕਾਹਨੂੰਵਾਨ/ਗੁਰਦਾਸਪੁਰ, 19 ਫਰਵਰੀ 2025 ( ਦੀ ਪੰਜਾਬ ਵਾਇਰ)। ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਰਾਜੂ ਬੇਲਾ ਅਤੇ ਭੈਣੀ ਮੀਆਂ ਖਾਂ ਦੇ ਦੋ ਨੌਜਵਾਨ ਜੋ ਬੀਤੇ ਦਿਨੀਂ ਅਮਰੀਕਾ ਤੋਂ ਡੀਪੋਰਟ ਕੀਤੇ ਗਏ ਸਨ, ਉਨ੍ਹਾਂ ਨਾਲ ਅੱਜ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਮੁਲਾਕਾਤ ਕੀਤੀ ਗਈ। ਡੀਪੋਰਟ ਹੋਏ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਤ ਦੌਰਾਨ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਨੌਜਵਾਨਾਂ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਡੀਪੋਰਟ ਹੋਏ ਨੌਜਵਾਨਾਂ ਦੇ ਪੁਨਰਵਾਸ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਵਿਦੇਸ਼ ਵੀ ਜਾਣਾ ਚਾਹੁੰਦਾ ਹੈ ਤਾਂ ਉਸਨੂੰ ਹਮੇਸ਼ਾਂ ਹੀ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੀਦਾ ਹੈ ਅਤੇ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਕਦੀ ਵੀ ਡੰਕੀ ਲਗਾ ਕੇ ਜਾਂ ਕਿਸੇ ਹੋਰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਰੁਜ਼ਗਾਰ ਦੇ ਬਹੁਤ ਮੌਕੇ ਹੈ ਬੱਸ ਉਨ੍ਹਾਂ ਮੌਕਿਆਂ ਨੂੰ ਪਛਾਨਣ ਅਤੇ ਮਿਹਨਤ ਕਰਨ ਦੀ ਲੋੜ ਹੈ।
ਸ. ਸੇਖਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਉਹ ਆਪਣੇ ਹਲਕੇ ਦੇ ਇਨ੍ਹਾਂ ਪਰਿਵਾਰਾਂ ਦੇ ਨਾਲ ਖੜ੍ਹੇ ਹਨ ਅਤੇ ਸਰਕਾਰ ਤੱਕ ਪਹੁੰਚ ਕਰਕੇ ਇਨ੍ਹਾਂ ਨੌਜਵਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।