ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਤੁਗਲਵਾਲ-ਚੱਕ ਸ਼ਰੀਫ਼ ਰੋਡ ਬਣ ਰਹੇ ਪੁਲ ਦੀ ਉਸਾਰੀ ਦਾ ਜਾਇਜ਼ਾ ਲਿਆ

ਜੂਨ ਮਹੀਨੇ ਤੱਕ ਪੁਲ ਦੀ ਉਸਾਰੀ ਨੂੰ ਮੁਕੰਮਲ ਕੀਤਾ ਜਾਵੇਗਾ – ਚੇਅਰਮੈਨ ਸੇਖਵਾਂ
ਗੁਰਦਾਸਪੁਰ, 18 ਫਰਵਰੀ 2025 (ਦੀ ਪੰਜਾਬ ਵਾਇਰ) – ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਬੀਤੀ ਸ਼ਾਮ ਤੁਗਲਵਾਲ-ਚੱਕ ਸ਼ਰੀਫ਼ ਰੋਡ ਉੱਪਰ ਬਣ ਰਹੇ ਪੁਲ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਸਾਲ 2023 ਦੇ ਬਰਸਾਤੀ ਸੀਜ਼ਨ ਦੌਰਾਨ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਬਹੁਤ ਜ਼ਿਆਦਾ ਪਾਣੀ ਛੱਡਣ ਨਾਲ ਤੁਗਲਵਾਲਾ-ਚੱਕ ਸ਼ਰੀਫ਼ ਰੋਡ ਉੱਪਰ ਬਣਿਆ ਪੁਲ, ਪਾਣੀ ਦੇ ਤੇਜ਼ ਵਹਾਅ ਕਾਰਨ ਜ਼ਮੀਨ ਦੇ ਹੇਠਾਂ ਵੱਲ ਧਸ ਗਿਆ ਸੀ। ਇਸ ਪੁਲ ਦੇ ਨੁਕਸਾਨੇ ਜਾਣ ਕਾਰਨ ਕਾਹਨੂੰਵਾਨ ਦੇ ਬੇਟ ਇਲਾਕੇ ਦੇ 40 ਪਿੰਡਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਸੀ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ 220.00 ਲੱਖ ਰੁਪਏ ਲਾਗਤ ਨਾਲ ਤੁਗਲਵਾਲਾ-ਚੱਕ ਸ਼ਰੀਫ਼ ਰੋਡ ਉੱਪਰ 2 ਸਪੈਨ 8 ਮੀਟਰ ਈਚ ਕਰਾਸਿੰਗ ਦੇ ਹਾਈ ਲੈਵਲ ਬਰਿੱਜ ਨੂੰ ਪਾਸ ਕਰਵਾਇਆ ਸੀ, ਜਿਸ ਦੀ ਉਸਾਰੀ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਪੁਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਸਾਲ ਜੂਨ ਮਹੀਨੇ ਤੱਕ ਇਸ ਪੁਲ ਦੀ ਉਸਾਰੀ ਮੁਕੰਮਲ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੁਲ ਦੀ ਉਸਾਰੀ ਤਹਿ ਸਮੇਂ ਅੰਦਰ ਮੁਕੰਮਲ ਕੀਤੀ ਜਾਵੇ ਤਾਂ ਜੋ ਬੇਟ ਇਲਾਕੇ ਦੇ ਲੋਕਾਂ ਸਮੇਤ ਰਾਹਗੀਰਾਂ ਨੂੰ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪੁਲ ਦੀ ਉਸਾਰੀ ਦੌਰਾਨ ਕੰਮ ਦੀ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ।