ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਤੋਂ ਗ਼ਰੀਬ ਪਰਿਵਾਰ ਘਰੋਂ ਹੀ ਆਨਲਾਈਨ ਅਪਲਾਈ ਕਰਕੇ ਲੈ ਰਹੇ ਹਨ ਲਾਭ : ਜਗਰੂਪ ਸਿੰਘ ਸੇਖਵਾਂ

ਸੂਬਾ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਰਾਜ ਵਿੱਚ ਘੱਟ ਆਮਦਨੀ ਵਾਲੇ ਪਰਿਵਾਰ ਨਾਲ ਸਬੰਧਿਤ ਲੜਕੀਆਂ ਦੇ ਵਿਆਹ ਲਈ 51,000 ਰੁਪਏ ਦੀ ਦਿੱਤੀ ਜਾਂਦੀ ਹੈ ਵਿੱਤੀ ਸਹਾਇਤਾ – ਸੇਖਵਾਂ
ਗੁਰਦਾਸਪੁਰ, 17 ਫਰਵਰੀ 2025 (ਦੀ ਪੰਜਾਬ ਵਾਇਰ)– ਸੂਬੇ ਦੇ ਲੋਕਾਂ ਨੂੰ ਆਨਲਾਈਨ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਕਰਕੇ ਇੱਕ ਵੱਡਾ ਉੱਦਮ ਕੀਤਾ ਗਿਆ ਹੈ। ਅਸ਼ੀਰਵਾਦ ਸਕੀਮ ਨੂੰ ਸੁਖਾਲਾ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਸਾਰੀਆਂ ਅਰਜ਼ੀਆਂ ਆਨਲਾਈਨ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸ ਪੋਰਟਲ ਰਾਹੀਂ ਗ਼ਰੀਬ ਪਰਿਵਾਰ ਘਰ ਬੈਠੇ ਹੀ ਆਨਲਾਈਨ ਅਪਲਾਈ ਕਰਕੇ ਆਰਥਿਕ ਸਹਾਇਤਾ ਦਾ ਲਾਭ ਲੈ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਸਾਰੀਆਂ ਨਵੀਨਤਮ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਲਾਭਪਾਤਰੀ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ http://ashirwad.punjab.gov.in ਪੋਰਟਲ ਤੇ ਅਪਲਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਨਲਾਈਨ ਪੋਰਟਲ ਸ਼ੁਰੂ ਕਰਨ ਨਾਲ ਇਸ ਸਕੀਮ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਆਈ ਹੈ।
ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਗੇ ਦੱਸਿਆ ਕਿ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਲੋਕਾਂ ਨੂੰ ਅਸ਼ੀਰਵਾਦ ਸਕੀਮ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਆਨਲਾਈਨ ਫਾਰਮ ਭਰਿਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਹੋਰ ਵੀ ਸੁਖਾਲਾ ਬਣਾਉਣ ਲਈ ਇੱਕ ਯੂਜ਼ਰ-ਫਰੈਂਡਲੀ ਪੋਰਟਲ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਲਾਭਪਾਤਰੀ ਬਿਨਾਂ ਕਿਸੇ ਦਿੱਕਤ ਦੇ ਆਪਣੇ ਦਸਤਾਵੇਜ਼ ਅੱਪਲੋਡ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਪੋਰਟਲ ਬਿਨਾਂ ਹਾਜ਼ਰ ਹੋਏ ਸੰਪਰਕ ਰਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਂਦਾ ਹੈ। ਇਸ ਨਾਲ ਸਬੰਧਿਤ ਵਰਗਾਂ ਨਾਲ ਸੰਚਾਰ ਕਰਨਾ ਵੀ ਸੁਖਾਲਾ ਬਣਾਇਆ ਗਿਆ ਹੈ। ਐਪਲੀਕੇਸ਼ਨ ਮੈਨੇਜਰ ਰਾਹੀਂ ਫਾਰਮ ਭਰਨ ਜਾਂ ਇਤਰਾਜ਼ਾਂ ਨੂੰ ਦੂਰ ਕਰਨ ਲਈ ਸਿੱਧੇ ਈਮੇਲ ਜਾਂ ਵਿਅਕਤੀਗਤ ਕਾਲ ਰਾਹੀਂ ਬਿਨੈਕਾਰ ਨਾਲ ਸੰਪਰਕ ਕੀਤਾ ਜਾਂਦਾ ਹੈ। ਚੇਅਰਮੈਨ ਐਡਵੋਕੇਟ ਸੇਖਵਾਂ ਨੇ ਕਿਹਾ ਕਿ ਇਹ ਪਹਿਲ ਪੰਜਾਬ ਸਰਕਾਰ ਦੀ ਗ਼ਰੀਬਾਂ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਸਮਰਪਿਤ ਨੀਤੀ ਦਾ ਹਿੱਸਾ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਪੋਰਟਲ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਹਰ ਯੋਗ ਵਿਅਕਤੀ ਤੱਕ ਇਹ ਸਹੂਲਤਾਂ ਪਹੁੰਚਾਈਆਂ ਜਾਣ। ਉਨ੍ਹਾਂ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਵਿੱਚ ਘੱਟ ਆਮਦਨੀ ਵਾਲੇ ਪਰਿਵਾਰ ਨਾਲ ਸਬੰਧਿਤ ਲੜਕੀਆਂ ਦੇ ਵਿਆਹ ਲਈ 51,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਵੇ, ਬਿਨੈਕਾਰ ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ ਅਤੇ ਹੋਰ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਿਤ ਹੋਵੇ ਅਤੇ ਪਰਿਵਾਰ ਦੀ ਸਾਰੇ ਸਾਧਨਾ ਤੋ ਸਲਾਨਾ ਆਮਦਨ 32,790 ਰੁਪਏ ਤੋ ਘੱਟ ਹੋਵੇ, ਅਜਿਹੇ ਪਰਿਵਾਰਾਂ ਦੀਆਂ ਦੋ ਧੀਆਂ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹਨ।