ਗੁਰਦਾਸਪੁਰ ਵਿਸ਼ੇਸ਼

ਜਿੰਨੇ ਦੇਖਿਆ ਨਹੀਂ ਲਾਹੌਰ, ਓਹ ਦੇਖੇ ਕਲਾਨੌਰ………

ਜਿੰਨੇ ਦੇਖਿਆ ਨਹੀਂ ਲਾਹੌਰ, ਓਹ ਦੇਖੇ ਕਲਾਨੌਰ………
  • PublishedFebruary 15, 2025

ਜਦੋਂ ਮੁਗ਼ਲ ਸਲਤਨਤ ਦੀ ਰਾਜਧਾਨੀ ਬਣਿਆ ਕਲਾਨੌਰ

ਸਾਡੇ ਇਲਾਕੇ ਵਿੱਚ ਇੱਕ ਕਹਾਵਤ ਪ੍ਰਚਲਿਤ ਹੈ ਕਿ ‘ਜਿੰਨੇ ਦੇਖਿਆ ਨਹੀਂ ਲਾਹੌਰ, ਓਹ ਦੇਖੇ ਕਲਾਨੌਰ’….। ਇਹ ਕਹਾਵਤ ਐਵੇਂ ਨਹੀਂ ਬਣ ਗਈ ਸੀ। ਮੁਗ਼ਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਕਲਾਨੌਰ ਹੋਈ ਸੀ ਅਤੇ ਮੁਗ਼ਲ ਕਾਲ ਦੌਰਾਨ ਕਲਾਨੌਰ ਸ਼ਹਿਰ ਦੀ ਚੜ੍ਹਤ ਏਨੀ ਸੀ ਕਿ ਇਹ ਲਾਹੌਰ ਦੀ ਬਰਾਬਰੀ ਕਰਦਾ ਸੀ।

ਸੰਨ 1556 ਦੀ ਗੱਲ ਹੈ। ਮੁਗ਼ਲ ਬਾਦਸ਼ਾਹ ਹਮਾਯੂੰ ਦਾ ਪੁੱਤਰ ਜਲਾਲੁੱਦੀਨ ਮੁਹੰਮਦ ਅਕਬਰ ਪੰਜਾਬ ਦੇ ਬਾਰੀ ਦੁਆਬ ਦੇ ਕਲਾਨੌਰ ਖੇਤਰ ਵਿੱਚ ਬੈਰਮ ਖਾਂ ਦੀ ਸਰਪ੍ਰਸਤੀ ਹੇਠ ਸਿਕੰਦਰ ਸੂਰੀ ਦੇ ਵਿਰੁੱਧ ਲੜਾਈ ਵਿੱਚ ਰੁੱਝਿਆ ਹੋਇਆ ਸੀ। ਇਸੇ ਦੌਰਾਨ ਕਲਾਨੌਰ ਵਿਖੇ ਬੈਰਮ ਖਾਂ ਨੂੰ ਬਾਦਸ਼ਾਹ ਹਮਾਯੂੰ ਦੀ ਮੌਤ ਦੀ ਖ਼ਬਰ ਪਹੁੰਚੀ ਤਾਂ ਉਸਨੇ ਕਲਾਨੌਰ ਸ਼ਹਿਰ ਦੇ ਬਾਹਰਵਾਰ ਚੜ੍ਹਦੇ-ਪੂਰਬ ਬਾਹੀ ਇੱਕ ਸ਼ਾਨਦਾਰ ਚਬੂਤਰਾ ਬਣਵਾਇਆ ਅਤੇ ਇੱਥੇ ਹੀ 14 ਫਰਵਰੀ 1556 ਨੂੰ ਬੈਰਮ ਖਾਂ ਨੇ ਜਲਾਲੁੱਦੀਨ ਮੁਹੰਮਦ ਅਕਬਰ ਦੀ ਤਾਜਪੋਸ਼ੀ ਕਰਕੇ ਉਸਨੂੰ ਹਿੰਦੁਸਤਾਨ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ ਅਤੇ ਆਪ ਬਾਦਸ਼ਾਹ ਦਾ ਵਜ਼ੀਰ-ਏ-ਆਜ਼ਮ (ਪ੍ਰਧਾਨ ਮੰਤਰੀ) ਬਣ ਗਿਆ। ਜਦੋਂ ਅਕਬਰ ਬਾਦਸ਼ਾਹ ਬਣਿਆ ਤਾਂ ਉਸ ਸਮੇਂ ਉਸਦੀ ਉਮਰ ਸਿਰਫ਼ 13 ਸਾਲ 4 ਮਹੀਨੇ ਦੀ ਸੀ।

ਬੈਰਮ ਖਾਂ ਵੱਲੋਂ ਅਕਬਰ ਦੀ ਤਾਜਪੋਸ਼ੀ ਲਈ ਜੋ ਚਬੂਤਰਾ ਬਣਾਇਆ ਗਿਆ ਸੀ ਉਹ ਅੱਜ ਵੀ ਮੌਜੂਦ ਹੈ ਅਤੇ ਇਸ ਨੂੰ ਤਖ਼ਤ-ਏ-ਅਕਬਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਪਲੱਸਤਰ ਨਾਲ ਲਿੱਪੀਆਂ ਇੱਟਾਂ ਤੋਂ ਬਣਿਆ ਇੱਕ ਖ਼ੂਬਸੂਰਤ ਚਬੂਤਰਾ ਹੈ। ਚਬੂਤਰੇ ਦੇ ਵਿਚਕਾਰ 4.2 ਵਰਗ ਮੀਟਰ ਅਤੇ 1.4 ਮੀਟਰ ਡੂੰਘਾ ਇੱਕ ਪਾਣੀ ਦਾ ਕੁੰਡ ਇਸ ਦੀ ਸੁੰਦਰਤਾ ਵਧਾਉਂਦਾ ਹੈ। ਇਸ ਕੁੰਡ ਦਾ ਪਾਣੀ ਚਬੂਤਰੇ ਦੇ ਹੇਠਾਂ ਚਾਰ ਛੋਟੇ ਜਲ ਭੰਡਾਰਾਂ ਵਿੱਚ ਲਾਲ ਰੰਗ ਦੇ ਪਲੱਸਤਰ ਦੀ ਸਿੱਪੀ ਦੇ ਅਕਾਰ ਦੇ ਢਲਾਣ ਤੋਂ ਵਹਿੰਦਾ ਸੀ ਜੋ ਇਸ ਦੀ ਖ਼ੂਬਸੂਰਤੀ ਵਿੱਚ ਹੋਰ ਵੀ ਵਾਧਾ ਕਰਦਾ ਸੀ। ਢਲਾਣ ਦੇ ਦੋਵੇਂ ਪਾਸੇ ਤੋਂ ਪੌੜੀਆਂ ਚਬੂਤਰੇ ਤੱਕ ਜਾਂਦੀਆਂ ਹਨ।

ਇਸ ਇਤਿਹਾਸਕ ਥਾਂ ਦੇ ਮਹੱਤਵ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਵੱਲੋਂ 14 ਅਪ੍ਰੈਲ 1920 ਨੂੰ ਇਸ ਨੂੰ ਰਾਸ਼ਟਰੀ ਸਮਾਰਕ ਵਜੋਂ ਘੋਸ਼ਿਤ ਕੀਤਾ ਗਿਆ ਸੀ। ਅੱਜ ਵੀ ਇਸ ਸਮਾਰਕ ਦੀ ਸੰਭਾਲ ਪੁਰਾਤਤਵ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ‘ਸਵਦੇਸ਼ੀ ਦਰਸ਼ਨ’ ਯੋਜਨਾ ਤਹਿਤ ਤਖ਼ਤ-ਏ-ਅਕਬਰੀ, ਕਲਾਨੌਰ ਵਿਖੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇੱਥੇ ਇੱਕ ਖ਼ੂਬਸੂਰਤ ਪਾਰਕ ਤੋਂ ਇਲਾਵਾ ਗੱਡੀਆਂ ਦੀ ਪਾਰਕਿੰਗ ਬਣਾਈ ਜਾ ਰਹੀ ਹੈ। ਤਖ਼ਤ-ਏ-ਅਕਬਰੀ ਨੂੰ ਜਾਂਦੇ ਰਸਤੇ ਨੂੰ ਵੀ ਚੌੜਾ ਕਰਨ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ।

ਹੁਣ ਗੱਲ ਕਰਦੇ ਹਾਂ ਕਲਾਨੌਰ ਸ਼ਹਿਰ ਦੀ ਸ਼ਾਨੋ-ਸ਼ੌਕਤ ਬਾਰੇ। ਜਦੋਂ ਜਲਾਲੁੱਦੀਨ ਮੁਹੰਮਦ ਅਕਬਰ ਦੀ ਕਲਾਨੌਰ ਵਿਖੇ ਤਾਜਪੋਸ਼ੀ ਹੋਈ ਤਾਂ ਜਿਨ੍ਹਾਂ ਸਮਾਂ ਬਾਦਸ਼ਾਹ ਅਕਬਰ ਕਲਾਨੌਰ ਵਿਖੇ ਰਿਹਾ ਇਹ ਸ਼ਹਿਰ ਹੀ ਮੁਗ਼ਲ ਹਕੂਮਤ ਦੀ ਰਾਜਧਾਨੀ ਬਣ ਗਿਆ। ਬਾਦਸ਼ਾਹ ਅਕਬਰ ਵੱਲੋਂ ਕਲਾਨੌਰ ਸ਼ਹਿਰ ਵਿੱਚ ਸੁੰਦਰ ਇਮਾਰਤਾਂ ਅਤੇ ਬਜ਼ਾਰ ਤਾਮੀਰ ਕਰਵਾਏ ਗਏ। ਕਲਾਨੌਰ ਦਾ ਨਾਮ ਪੂਰੇ ਹਿੰਦੁਸਤਾਨ ਵਿੱਚ ਗੂੰਜ ਉੱਠਿਆ। ਬਾਰੀ ਦੁਆਬ ਦੀ ਉਪਜਾਊ ਧਰਤੀ ’ਤੇ ਵੱਸੇ ਸ਼ਹਿਰ ਕਲਾਨੌਰ ਦਾ ਫੈਲਾਅ ਅਤੇ ਰੁਤਬਾ ਬੜੀ ਤੇਜ਼ੀ ਨਾਲ ਵਧਿਆ। ਕੁਝ ਹੀ ਸਮੇਂ ਵਿੱਚ ਇਹ ਬਾਰੀ ਦੁਆਬ ਵਿੱਚ ਲਾਹੌਰ ਸ਼ਹਿਰ ਤੋਂ ਬਾਅਦ ਪ੍ਰਮੁੱਖ ਸ਼ਹਿਰ ਬਣ ਗਿਆ ਅਤੇ ਲੋਕ ਕਲਾਨੌਰ ਦੀ ਤਸ਼ਬੀਹ ਲਾਹੌਰ ਨਾਲ ਕਰਨ ਲੱਗੇ। ਬਾਦਸ਼ਾਹ ਅਕਬਰ ਅਤੇ ਉਸ ਤੋਂ ਬਾਅਦ ਦੂਸਰੇ ਮੁਗ਼ਲ ਬਾਦਸ਼ਾਹ ਵੀ ਆਪਣੇ ਪੰਜਾਬ ਦੌਰੇ ਦੌਰਾਨ ਅਕਸਰ ਹੀ ਕਲਾਨੌਰ ਵਿਖੇ ਪਹੁੰਚਦੇ ਸਨ। ਇਸ ਤਰਾਂ ਰਾਜਨੀਤਿਕ ਅਤੇ ਵਪਾਰਕ ਪੱਖ ਤੋਂ ਮੁਗ਼ਲ ਕਾਲ ਦੌਰਾਨ ਕਲਾਨੌਰ ਇੱਕ ਪ੍ਰਮੁੱਖ ਸ਼ਹਿਰ ਬਣਿਆ ਰਿਹਾ।

ਕਲਾਨੌਰ ਸ਼ਹਿਰ ਦਾ ਸਬੰਧ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਜੁੜਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸੰਨ 1711 ਅਤੇ 1715 ਵਿੱਚ ਦੋ ਵਾਰ ਕਲਾਨੌਰ ਸ਼ਹਿਰ ਫ਼ਤਹਿ ਕੀਤਾ ਸੀ। ਕਲਾਨੌਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਸਪੁੱਤਰ ਕੰਵਰ ਖੜਕ ਸਿੰਘ ਨੇ ਕਲਾਨੌਰ ਵਿਖੇ ਸ਼ਿਵਾਲੇ ਦੀ ਉਸਾਰੀ ਕਰਵਾਈ ਜੋ ਅੱਜ ਪੂਰੇ ਦੇਸ਼ ਦੇ ਪ੍ਰਮੁੱਖ ਮੰਦਰਾਂ ਵਿੱਚੋਂ ਇੱਕ ਹੈ।

ਕਲਾਨੌਰ ਸ਼ਹਿਰ ਵਿੱਚ ਮੁਗ਼ਲ ਕਾਲ ਸਮੇਂ ਬਣੀਆਂ ਇਮਾਰਤਾਂ ਦੇ ਖੰਡਰ ਅਜੇ ਵੀ ਦੇਖੇ ਜਾ ਸਕਦੇ ਹਨ। ਸ਼ਹਿਰ ਵਿੱਚ ਕੁਝ ਮਸਜਿਦਾਂ ਅੱਜ ਵੀ ਬਹੁਤ ਵਧੀਆ ਹਾਲਤ ਵਿੱਚ ਹਨ।

ਕਹਿੰਦੇ ਹਨ ਕਿ ਅੰਗਰੇਜ਼ ਹਕੂਮਤ ਨੇ ਜਦੋਂ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ਵਿਛਾਈ ਸੀ ਤਾਂ ਉਨ੍ਹਾਂ ਨੇ ਕਲਾਨੌਰ ਦੀਆਂ ਪੁਰਾਣੀਆਂ ਇਮਾਰਤਾਂ ਢਾਹ ਕੇ ਉਨ੍ਹਾਂ ਦਾ ਮਲਬਾ ਰੇਲਵੇ ਟਰੈਕ ਥੱਲੇ ਪਾਇਆ ਸੀ ਜੋ ਕਿ ਸ਼ਹਿਰ ਦੀ ਬਰਬਾਦੀ ਦਾ ਮੁੱਖ ਕਾਰਨ ਬਣਿਆ। ਇਸ ਤੋਂ ਇਲਾਵਾ ਕਈ ਇਮਾਰਤਾਂ ਸਮੇਂ ਦੀ ਗਰਦਸ਼ ਨਾਲ ਢਹਿ ਗਈਆਂ ਜਦਕਿ ਬਹੁਤ ਸਾਰੀਆਂ ਲੋਕਾਂ ਨੇ ਖ਼ੁਦ ਢਾਹ ਦਿੱਤੀਆਂ। ਕਦੀ ਆਪਣੇ ਸਿਰ ਦੇ ਹਿੰਦੁਸਤਾਨ ਦੀਆਂ ਬਾਦਸ਼ਾਹੀਆਂ ਦੇ ਤਾਜ ਸਜਾਉਣ ਵਾਲਾ ਕਲਾਨੌਰ ਸ਼ਹਿਰ ਸਮੇਂ ਦੇ ਗੇੜ ਨਾਲ ਦੇਸ਼ ਦੀ ਰਾਜਧਾਨੀ ਤੋਂ ਇੱਕ ਪਿੰਡ ਦੇ ਪੱਧਰ ਤੱਕ ਪਹੁੰਚ ਗਿਆ। ਭਾਵੇਂ ਹੁਣ ਕਲਾਨੌਰ ਕਿਸੇ ਵੀ ਪੱਖ ਤੋਂ ਲਾਹੌਰ ਦੀ ਬਰਾਬਰੀ ਤਾਂ ਨਹੀਂ ਕਰਦਾ ਪਰ ਇਤਿਹਾਸ ਦੇ ਪੰਨਿਆਂ ਵਿੱਚ ਕਲਾਨੌਰ ਦਾ ਰੁਤਬਾ ਹਮੇਸ਼ਾਂ ਵੱਡਾ ਬਣਿਆ ਰਹੇਗਾ। ਕਲਾਨੌਰ ਦਾ ਮੌਜੂਦਾ ਰੁਤਬਾ ਤੇ ਹਾਲ ਚਾਹੇ ਜੋ ਵੀ ਹੋਵੇ ਪਰ ਬਜ਼ੁਰਗ ਅੱਜ ਵੀ ਇਹ ਬੜੇ ਮਾਣ ਨਾਲ ਕਹਿੰਦੇ ਹਨ ਕਿ ‘ਜਿੰਨੇ ਦੇਖਿਆ ਨਹੀਂ ਲਾਹੌਰ, ਓਹ ਦੇਖੇ ਕਲਾਨੌਰ’….।

Written By
The Punjab Wire