ਗੁਰਦਾਸਪੁਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਵਿਖੇ ‘ਵਾਲ ਆਫ਼ ਫੇਮ’ ਸਥਾਪਤ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਵਿਖੇ ‘ਵਾਲ ਆਫ਼ ਫੇਮ’ ਸਥਾਪਤ
  • PublishedFebruary 13, 2025

ਦੀਨਾਨਗਰ ਤਹਿਸੀਲ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਹਸਤੀਆਂ ਦੀਆਂ ਤਸਵੀਰਾਂ ‘ਵਾਲ ਆਫ਼ ਫੇਮ’ ਉੱਪਰ ਲਗਾਈਆਂ

‘ਵਾਲ ਆਫ਼ ਫੇਮ’ ਨੂੰ ਦੇਖ ਕੇ ਨੌਜਵਾਨ ਅੱਗੇ ਵਧਣ ਦੀ ਪ੍ਰੇਰਨਾ ਲੈਣਗੇ – ਡਿਪਟੀ ਕਮਿਸ਼ਨਰ

ਦੀਨਾਨਗਰ, 13 ਫਰਵਰੀ 2025 (ਦੀ ਪੰਜਾਬ ਵਾਇਰ )। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਵਿਖੇ ‘ਵਾਲ ਆਫ਼ ਫੇਮ’ ਸਥਾਪਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਹਰਜਿੰਦਰ ਸਿੰਘ ਬੇਦੀ, ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਜਸਪਿੰਦਰ ਸਿੰਘ ਭੁੱਲਰ, ਡੀ.ਐੱਸ.ਪੀ. ਸ੍ਰੀ ਦਿਲਪ੍ਰੀਤ ਸਿੰਘ, ਤਹਿਸੀਲਦਾਰ ਸ੍ਰੀ ਅਭਿਸ਼ੇਕ ਵਰਮਾ, ਐੱਸ.ਐੱਸ.ਐੱਮ ਕਾਲਜ ਦੀਨਾਨਗਰ ਦੇ ਡੀਨ ਸਟੂਡੈਂਟ ਵੈੱਲਫੇਅਰ ਸ੍ਰੀ ਪ੍ਰਬੋਧ ਗਰੋਵਰ, ਸ੍ਰੀ ਨੋਹਿਤ ਸ਼ਰਮਾ ਸਮੇਤ ਹੋਰ ਅਧਿਕਾਰੀ ਅਤੇ ਸਮਾਜ ਸੇਵੀ ਵੀ ਹਾਜ਼ਰ ਸਨ।

ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਵਿਖੇ ‘ਵਾਲ ਆਫ਼ ਫੇਮ’ ਦਾ ਉਦਘਾਟਨ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਸ਼ਿੰਦਿਆਂ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਅੱਜ ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਵਿਖੇ ਸਥਾਪਿਤ ‘ਵਾਲ ਆਫ਼ ਫੇਮ’ ਉੱਪਰ ਦੀਨਾਨਗਰ ਤਹਿਸੀਲ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਹਸਤੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ. ਜੋ ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ ਜਨਰਲ, ਗੁਰਦਾਸਪੁਰ, ਸ੍ਰੀ ਰਜਿੰਦਰ ਕਸ਼ਯਪ ਸਾਬਕਾ ਆਈ.ਏ.ਐੱਸ ਅਧਿਕਾਰੀ, ਡਾ. ਗੁਲਜ਼ਾਰ ਚੀਮਾ ਐੱਮ.ਐੱਲ.ਏ ਕੈਨੇਡਾ, ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਕਰਨਲ ਡਾ. ਅੰਕੁਸ਼ ਮਲਹੋਤਰਾ, ਬੀ.ਐੱਸ.ਐੱਫ ਅਧਿਕਾਰੀ ਰਜਨੀਸ਼ ਕਸ਼ਯਪ, ਡਾ. ਮਨਪ੍ਰੀਤ ਕੌਰ ਅਸਿਸਟੈਂਟ ਕਮਾਡੈਂਟ ਮੈਡੀਕਲ ਅਫ਼ਸਰ ਬੀ.ਐੱਸ.ਐੱਫ਼, ਉੱਘੇ ਲੋਕ ਗਾਇਕ ਸ੍ਰੀ ਜਸਬੀਰ ਜੱਸੀ, ਸ੍ਰੀ ਅਮਨਦੀਪ ਸਿੰਘ ਘੁੰਮਣ ਸਿਵਲ ਜੱਜ, ਮਿਸ ਦਿਵਿਯਾਨੀ ਲੂਥਰਾ ਸਿਵਲ ਜੱਜ, ਸ੍ਰੀ ਲਵਕੇਸ਼ ਸੈਣੀ ਡੀ.ਐੱਸ.ਪੀ. ਗੁਰਦਾਸਪੁਰ, ਸ੍ਰੀ ਮਨਦੀਪ ਸਿੰਘ ਸੈਣੀ ਨਾਇਬ ਤਹਿਸੀਲਦਾਰ, ਸ੍ਰੀਮਤੀ ਪ੍ਰਿਯੰਕਾ ਨਈਅਰ ਸਾਇੰਸਦਾਨ, ਡਾ. ਕਰਨਦੀਪ ਸਿੰਘ ਬੇਦੀ ਮੈਡੀਕਲ ਅਫ਼ਸਰ, ਸ੍ਰੀ ਹਰਿੰਦਰ ਸਿੰਘ ਅਧਿਕਾਰੀ ਭਾਰਤੀ ਫ਼ੌਜ, ਸ੍ਰੀ ਮੋਹਿਤ ਸ਼ਰਮਾ ਉੱਘੇ ਬਿਜ਼ਨਸਮੈਨ, ਸ੍ਰੀਮਤੀ ਰਚਨਾ ਕਸ਼ਯਪ ਸਬ ਇੰਸਪੈਕਟਰ ਪੰਜਾਬ ਪੁਲਿਸ ਦੀਆਂ ਤਸਵੀਰਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਵਾਲ ਆਫ਼ ਫੇਮ ਉੱਪਰ ਇੱਕ ਫ਼ੋਟੋ ਫਰੇਮ ਖ਼ਾਲੀ ਰੱਖਿਆ ਗਿਆ ਹੈ ਜੋ ਨੌਜਵਾਨ ਲੜਕੇ-ਲੜਕੀਆਂ ਨੂੰ ਪ੍ਰੇਰਿਤ ਕਰੇਗਾ ਕਿ ਉਹ ਵੀ ਅੱਗੇ ਵਧਣ ਤਾਂ ਜੋ ਇਸ ਖ਼ਾਲੀ ਫਰੇਮ ਵਿੱਚ ਉਨ੍ਹਾਂ ਦੀ ਤਸਵੀਰ ਲੱਗ ਸਕੇ।

ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਜ਼ਿਲ੍ਹੇ ਦੀਆਂ ਮਾਣਮੱਤੀਆਂ ਧੀਆਂ ਦੀਆਂ ਤਸਵੀਰਾਂ ‘ਪਿੰਕ ਵਾਲ ਆਫ਼ ਫੇਮ’ ਉੱਪਰ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲ੍ਹਾਂ ਮਾਰਨ ਵਾਲੀਆਂ ਇਨ੍ਹਾਂ ਸਾਰੀਆਂ ਹਸਤੀਆਂ ਉੱਪਰ ਪੂਰੇ ਜ਼ਿਲ੍ਹੇ ਨੂੰ ਮਾਣ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਹ ਉਪਰਾਲੇ ਨੌਜਵਾਨ ਵਰਗ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਣ ਵਿੱਚ ਸਹਾਈ ਹੋਣਗੇ।

Written By
The Punjab Wire