ਗੁਰਦਾਸਪੁਰ

ਪੰਜਾਬ ਪੁਲਿਸ ਵੱਲੋਂ ਪਾਸਪੋਰਟ ਵੈਰੀਫ਼ੀਕੇਸ਼ਨ ਨੂੰ ਬਿਹਤਰ ਬਣਾਉਣ ਲਈ ਨਵੀਂ ਪ੍ਰਣਾਲੀ ਦੀ ਸ਼ੁਰੂਆਤ

ਪੰਜਾਬ ਪੁਲਿਸ ਵੱਲੋਂ ਪਾਸਪੋਰਟ ਵੈਰੀਫ਼ੀਕੇਸ਼ਨ ਨੂੰ ਬਿਹਤਰ ਬਣਾਉਣ ਲਈ ਨਵੀਂ ਪ੍ਰਣਾਲੀ ਦੀ ਸ਼ੁਰੂਆਤ
  • PublishedFebruary 9, 2025

ਨਵੀਂ ਪ੍ਰਣਾਲੀ ਤਹਿਤ ਨਾਗਰਿਕਾਂ ਨੂੰ ਮਿਲੇਗੀ ਪ੍ਰੀ-ਵੈਰੀਫ਼ੀਕੇਸ਼ਨ ਐਸ.ਐਮ.ਐਸ. ਦੀ ਸਹੂਲਤ, ਪਾਸਪੋਰਟ ਸੇਵਾਵਾਂ ਲਈ ਆਪਣਾ ਫੀਡਬੈਕ ਵੀ ਦੇ ਸਕਣਗੇ ਬਿਨੈਕਾਰ- ਐੱਸ.ਐੱਸ.ਪੀ. ਹਰੀਸ਼ ਦਾਯਮਾ

ਗੁਰਦਾਸਪੁਰ, 9 ਫਰਵਰੀ (ਦੀ ਪੰਜਾਬ ਵਾਇਰ ) – ਸੂਬੇ ਵਿੱਚ ਪਾਰਦਰਸ਼ੀ ਅਤੇ ਸਮਾਂਬੱਧ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਪਾਸਪੋਰਟ ਵੈਰੀਫ਼ੀਕੇਸ਼ਨ ਲਈ ਇੱਕ ਸੁਚੱਜੀ ਤੇ ਆਧੁਨਿਕ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਨਾਗਰਿਕਾਂ ਨੂੰ ਪ੍ਰੀ-ਵੈਰੀਫ਼ੀਕੇਸ਼ਨ ਐੱਸ.ਐੱਮ.ਐੱਸ. ਦੀ ਸਹੂਲਤ ਪ੍ਰਦਾਨ ਕਰੇਗੀ ਅਤੇ ਪੋਸਟ- ਵੈਰੀਫ਼ੀਕੇਸ਼ਨ ਐਸ.ਐਮ.ਐਸ. ਰਾਹੀਂ ਬਿਨੈਕਾਰ ਆਪਣੇ ਫੀਡਬੈਕ ਵੀ ਦੇ ਸਕਣਗੇ।

ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਲੋਕਾਂ ਨੂੰ ਨਿਰਵਿਘਨ ਅਤੇ ਸੁਚੱਜੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਪੁਲਿਸ ਵੱਲੋਂ ਬਿਨੈਕਾਰ ਨੂੰ ‘ਪੀਬੀਸਾਂਝ’ ਤੋਂ ਐਸ.ਐਮ.ਐਸ. ਰਾਹੀਂ ਸੂਚਨਾ ਭੇਜੀ ਜਾ ਰਹੀ ਹੈ, ਜਿਸ ਵਿੱਚ ਤਸਦੀਕ ਕਰਨ ਵਾਲੇ ਅਧਿਕਾਰੀ ਦਾ ਨਾਮ ਅਤੇ ਮੁਲਾਕਾਤ ਦੀ ਮਿਤੀ ਅਤੇ ਸਮੇਂ ਸਬੰਧੀ ਜਾਣਕਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸੁਧਾਰ ਦਾ ਉਦੇਸ਼ ਬੇਲੋੜੀ ਅਨਿਸ਼ਚਿਤਤਾ ਨੂੰ ਘਟਾਉਣਾ ਅਤੇ ਬਿਨੈਕਾਰ ਨੂੰ ਉਸਦੀ ਵੈਰੀਫ਼ੀਕੇਸ਼ਨ ਪ੍ਰਕਿਰਿਆ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾਉਣਾ ਹੈ।

ਐੱਸ.ਐੱਸ.ਪੀ. ਹਰੀਸ਼ ਦਯਾਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਨਾਗਰਿਕ ਪੋਸਟ-ਵੈਰੀਫਿਕੇਸ਼ਨ ਐੱਸ.ਐੱਮ.ਐੱਸ. ਰਾਹੀਂ ਆਪਣੇ ਫੀਡਬੈਕ ਵਿੱਚ ਸਬੰਧਤ ਅਧਿਕਾਰੀ ਦੇ ਵਿਵਹਾਰ ਸਬੰਧੀ ਰਿਪੋਰਟ ਵੀ ਭੇਜ ਸਕਣਗੇ।ਉਨ੍ਹਾਂ ਕਿਹਾ ਕਿ ਫੀਡਬੈਕ ਦੇਣ ਲਈ, ਬਿਨੈਕਾਰਾਂ ਨੂੰ ‘ਪੀਬੀਸਾਂਝ’ ਤੋਂ ਇੱਕ ਪੋਸਟ-ਵੈਰੀਫਿਕੇਸ਼ਨ ਐਸ.ਐਮ.ਐਸ. ਪ੍ਰਾਪਤ ਹੋਵੇਗਾ, ਜਿਸ ਵਿੱਚ ਫੀਡਬੈਕ ਫਾਰਮ ਨਾਲ ਇੱਕ ਹਾਈਪਰਲਿੰਕ ਹੋਵੇਗਾ। ਉਨ੍ਹਾਂ ਕਿਹਾ ਕਿ ਬਿਨੈਕਾਰ ਫੀਡਬੈਕਫਾਰਮ ਰਾਹੀਂ ਆਪਣਾ ਕੋਈ ਵੀ ਸੁਝਾਅ, ਟਿੱਪਣੀ ਜਾਂ ਸਮੱਸਿਆ ਸਾਂਝੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਫੀਡਬੈਕ ਵਿਧੀ ਪੰਜਾਬ ਪੁਲਿਸ ਨੂੰ ਸੇਵਾਵਾਂ ਦੇ ਮਿਆਰਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਨਾਗਰਿਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਵਿੱਚ ਮਦਦ ਕਰੇਗੀ।

Written By
The Punjab Wire