Close

Recent Posts

ਗੁਰਦਾਸਪੁਰ

ਪੰਜਾਬ ਦੇ ਕਿਰਤੀਆਂ ਦੀ ਭਲਾਈ ਲਈ ਸਰਕਾਰ ਵੱਲੋਂ ਮਹੱਤਵਪੂਰਨ ਪਹਿਲਕਦਮੀ

ਪੰਜਾਬ ਦੇ ਕਿਰਤੀਆਂ ਦੀ ਭਲਾਈ ਲਈ ਸਰਕਾਰ ਵੱਲੋਂ ਮਹੱਤਵਪੂਰਨ ਪਹਿਲਕਦਮੀ
  • PublishedFebruary 7, 2025

 ਵਜੀਫਾ ਸਕੀਮ ਦਾ ਲਾਭ ਲੈਣ ਲਈ ਕਿਰਤੀ ਦੀ ਦੋ ਸਾਲ ਦੀ ਸਰਵਿਸ ਦੀ ਸ਼ਰਤ ਖਤਮ: ਸੌਂਦ

ਸਕੀਮਾਂ ਸਬੰਧੀ ਜਾਗਰੂਕਤਾ ਤੇ ਕੈਂਪ ਲਗਾਉਣ ਲਈ ਦੋ ਕਰੋੜ ਰੁਪਏ ਦਾ ਬਜਟ ਰੱਖਿਆ

ਚੰਡੀਗੜ੍ਹ, 7 ਫਰਵਰੀ ( ਦੀ ਪੰਜਾਬ ਵਾਇਰ)– ਪੰਜਾਬ ਵਿੱਚ ਕਿਰਤੀਆਂ ਦੀ ਭਲਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵੱਡੀ ਪਹਿਲਕਦਮੀ ਕੀਤੀ ਹੈ। ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਦਿੱਤੀ ਜਾਂਦੀ ਵਜੀਫਾ ਸਕੀਮ ਲਈ ਕਿਰਤੀ ਦੀ ਦੋ ਸਾਲ ਦੀ ਸਰਵਿਸ ਹੋਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਵਜੀਫਾ ਸਕੀਮ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਦਿੱਤੀ ਜਾਂਦੀ ਹੈ। ਇਸ ਨੂੰ ਪ੍ਰਾਪਤ ਕਰਨ ਲਈ ਕਿਰਤੀ ਦੀ ਦੋ ਸਾਲ ਦੀ ਸਰਵਿਸ ਹੋਣ ਦੀ ਸ਼ਰਤ ਲਾਜ਼ਮੀ ਹੈ। ਬੀਤੀ ਸ਼ਾਮ ਕਿਰਤ ਭਵਨ ਵਿਖੇ ਹੋਈ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ 55ਵੀਂ ਮੀਟਿੰਗ ਵਿੱਚ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਸ਼ਰਤ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।

ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਲਈ ਹੁਣ ਕਿਰਤੀਆਂ ਵੱਲੋਂ ਵਜੀਫਾ ਸਕੀਮ ਦਾ ਲਾਭ ਅੰਸ਼ਦਾਨ ਕਰਨ ਦੀ ਮਿਤੀ ਤੋਂ ਹੀ ਲਿਆ ਜਾ ਸਕੇਗਾ। ਸੌਂਦ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਿਰਤੀਆਂ ਦੀ ਭਲਾਈ ਲਈ ਹੋਰ ਵੀ ਕਈ ਮਹੱਤਵਪੂਰਨ ਫੈਸਲੇ ਲਏ ਗਏ। ਪੰਜਾਬ ਲੇਬਰ ਵੈਲਫੇਅਰ ਬੋਰਡ ਦੀਆਂ ਸਕੀਮਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਕਰੋੜ ਰੁਪਏ ਦਾ ਸਾਲਾਨਾ ਬਜਟ ਰੱਖਿਆ ਗਿਆ। ਇਸ ਤੋਂ ਇਲਾਵਾ ਇਨ੍ਹਾਂ ਸਕੀਮਾਂ ਦਾ ਲਾਭ ਦੇਣ ਲਈ ਕਿਰਤੀਆਂ ਦੀ ਕੰਮ ਵਾਲੀ ਥਾਂ ‘ਤੇ ਕੈਂਪ ਲਗਾਉਣ ਲਈ ਵੀ ਇੱਕ ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ।

ਸੌਂਦ ਨੇ ਦੱਸਿਆ ਕਿ ਬੋਰਡ ਅਧੀਨ ਸ਼ਗਨ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਮੈਰਿਜ ਸਰਟੀਫੀਕੇਟ ਦੀ ਸ਼ਰਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਹੁਣ ਕਿਰਤੀ ਵਿਆਹ ਵਾਲੀ ਧਾਰਮਿਕ ਥਾਂ ਅਤੇ ਵਿਆਹ ਕਰਵਾਉਣ ਵਾਲੇ ਧਾਰਮਿਕ ਵਿਅਕਤੀ ਦੀਆਂ ਫੋਟੋਆਂ ਲਗਾ ਦੇ ਸ਼ਗਨ ਸਕੀਮ ਦਾ ਲਾਭ ਲੈ ਸਕੇਗਾ। ਇਸ ਫੈਸਲੇ ਨਾਲ ਕਿਰਤੀਆਂ ਨੂੰ ਰਜਿਸਟਰਡ ਮੈਰਿਜ ਸਰਟੀਫੀਕੇਟ ਲੈਣ ਲਈ ਪ੍ਰੇਸ਼ਾਨੀ ਨਹੀ ਝੱਲਣੀ ਪਵੇਗੀ।

ਕਿਰਤ ਮੰਤਰੀ ਵੱਲੋਂ ਇਹ ਵੀ ਆਦੇਸ਼ ਦਿੱਤਾ ਗਿਆ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਕਰਨੀ ਯਕੀਨੀ ਬਣਾਈ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ ਫੰਡ ਦੀ ਅੰਸ਼ਦਾਨ ਦੀ ਰਕਮ ਨੂੰ 1 ਅਪ੍ਰੈਲ 2025 ਤੋਂ ਵਧਾਇਆ ਜਾਵੇ ਤਾਂ ਜੋ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਆਰਥਿਕ ਸਥਿਤੀ ਹੋਰ ਬੇਹਤਰ ਹੋ ਸਕੇ।  ਮੀਟਿੰਗ ਵਿੱਚ ਕਿਰਤ ਸਕੱਤਰ ਮਨਵੇਸ਼ ਸਿੰਘ ਸਿੱਧੂ, ਕਿਰਤ ਕਮਿਸ਼ਨਰ ਰਾਜੀਵ ਕੁਮਾਰ ਗੁਪਤਾ, ਜੁਆਇੰਟ ਡਾਇਰੈਕਟਰ ਆਫ ਫੈਕਟਰੀਜ਼ ਨਰਿੰਦਰ ਸਿੰਘ, ਸਹਾਇਕ ਵੈਲਫੇਅਰ ਕਮਿਸ਼ਨਰ ਗੌਰਵ ਪੁਰੀ, ਜੁਆਇੰਟ ਡਾਇਰੈਕਟਰ ਕੰਨੂ ਥਿੰਦ ਅਤੇ ਓਦਯੋਗ, ਵਿੱਤ ਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Written By
The Punjab Wire